ਕਪੂਰਥਲਾ, 30 ਮਈ (ਵਿਸ਼ੇਸ਼ ਪ੍ਰਤੀਨਿਧ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਦਾ ਮਹਾਂ ਜਸ਼ਨ ਪ੍ਰੋਗਰਾਮ ਤਹਿਤ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ, ਉਪ ਜ਼ਿਲਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਤੇ ਬੀ.ਪੀ.ਈ.ਓ. ਕਪੂਰਥਲਾ ਰਜੇਸ਼ ਕੁਮਾਰ ਦੀ ਦੇਖ ਰੇਖ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸ਼ੇਖ਼ੂਪੁਰ ਵਿਚ ਮੈਗਾ ਪੀ.ਟੀ.ਐਮ. ਕਰਵਾਈ ਗਈ, ਜਿਸ ਵਿਚ ਮਿਸ਼ਨ ਸਮਰੱਥ ਦੇ ਜ਼ਿਲਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ, ਬਲਾਕ ਰਿਸੋਰਸ ਪਰਸਨ ਡਾ. ਪਰਮਜੀਤ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਪੀ.ਟੀ.ਐਮ. ਦੀ ਆਰੰਭਤਾ ਮੌਕੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਬੱਚਿਆਂ ਦੇ ਮਾਪਿਆਂ, ਭਾਈਚਾਰੇ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਤੇ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਬੋਲਦਿਆਂ ਹਰਮਿੰਦਰ ਸਿੰਘ ਜੋਸਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਦੀ ਕਾਇਆ ਕਲਪ ਹੋਈ ਹੈ ਤੇ ਸਿੱਖਿਆ ਵਿਭਾਗ ਦੇ ਵਿਸ਼ੇਸ਼ ਉਪਰਾਲੇ ਸਦਕਾ ਅਧਿਆਪਕਾਂ ਦੇ ਵੱਖ-ਵੱਖ ਬੈਚ ਫਿਨਲੈਂਡ ਦੀ ਯੂਨੀਵਰਸਿਟੀ ਤੋਂ ਟਰੇਨਿੰਗ ਪ੍ਰਾਪਤ ਕਰਕੇ ਆਪਣੇ ਸਕੂਲਾਂ ਅੰਦਰ ਪੜਾਉਣ ਦੀਆਂ ਨਵੀਆਂ ਤਕਨੀਕਾਂ ਲਾਗੂ ਕਰ ਰਹੇ ਹਨ | ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਕੇ ਸਰਕਾਰ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਤੋਂ ਲਾਹਾ ਲੈਣ | ਇਸ ਮੌਕੇ ਡਾ. ਪਰਮਜੀਤ ਕੌਰ ਨੇ ਵੀ ਸਿੱਖਿਆ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ | ਉਪਰੰਤ ਹਰਮਿੰਦਰ ਸਿੰਘ ਜੋਸਨ ਤੇ ਜੈਮਲ ਸਿੰਘ ਨੇ ਭਾਰਤ ਸਰਕਾਰ ਦੇ ਨੀਤੀ ਆਯੋਗ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨੰਬਰ-1 ਐਲਾਨੇ ਜਾਣ 'ਤੇ ਸਿੱਖਿਆ ਵਿਭਾਗ ਵਲੋਂ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ, ਮਿਡ ਡੇ ਮੀਲ ਵਰਕਰਾਂ ਤੇ ਸਫ਼ਾਈ ਸੇਵਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸਤੋਂ ਇਲਾਵਾ ਪਿਛਲੇ ਵਿੱਦਿਅਕ ਸੈਸ਼ਨ ਵਿਚ ਪੰਜਵੀਂ ਸ਼੍ਰੇਣੀ ਵਿਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪੀ.ਟੀ.ਐਮ. ਦੀ ਸਮਾਪਤੀ 'ਤੇ ਅਧਿਆਪਕਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਨੂੰ ਦਿੱਤਾ ਗਿਆ ਛੁੱਟੀਆਂ ਦਾ ਕੰਮ ਕਰਵਾਉਣ ਵਿਚ ਉਨਾਂ ਨੂੰ ਸਹਿਯੋਗ ਦੇਣ | ਇਸ ਮੌਕੇ ਨੀਤੂ ਆਨੰਦ, ਕੁਲਦੀਪ ਕੌਰ, ਰਚਨਾ ਪੁਰੀ, ਸ਼ੈਲਜਾ ਸ਼ਰਮਾ, ਮੋਨਿਕਾ ਅਰੋੜਾ, ਮਨਮੋਹਨ ਕੌਰ, ਮਮਤਾ ਦੇਵੀ, ਮੰਜੂ ਰਾਣੀ, ਬਰਿੰਦਾ ਸ਼ਰਮਾ, ਸ਼ਮਾ ਰਾਣੀ, ਸਰੋਜ ਰਾਣੀ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |