ਕਪੂਰਥਲਾ, 1 ਜੂਨ (ਸਡਾਨਾ)-ਸੂਬਾ ਸਰਕਾਰ ਵਲੋਂ ਬੇਅਦਬੀਆਂ ਰੋਕਣ ਸਬੰਧੀ ਬਣਾਏ ਗਏ ਕਾਨੂੰਨ ਵਿਚ ਸੋਧ ਦੀ ਮੰਗ ਅਤੇ ਹੋਰ ਮੰਗਾਂ ਸਬੰਧੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵਲੋਂ ਪੰਜਾਬ ਦੇ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਰਾਹੀਂ ਮੰਗ ਪੱਤਰ ਦਿੱਤਾ ਗਿਆ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰਜੀਤ ਸਿੰਘ ਭੁੱਲਰ, ਸੀਨੀਅਰ ਆਗੂ ਯੁਵਰਾਜ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ | ਮੰਗ ਪੱਤਰ ਰਾਹੀਂ ਉਨ੍ਹਾਂ ਰਾਜਪਾਲ ਪਾਸੋਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2026 ਵਿਚ ਸੋਧ ਕੀਤੀ ਜਾਵੇ, ਕਿਉਂਕਿ ਇਸ ਵਿਚ ਕਈ ਤਰ੍ਹਾਂ ਦੀਆਂ ਖ਼ਾਮੀਆਂ ਹਨ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਿਚ ਆਪਣਾ ਬਣਦਾ ਰੋਲ ਨਹੀਂ ਬਣਾਇਆ, ਜਿਸ ਕਾਰਨ ਪੰਜਾਬ ਸਰਕਾਰ ਤੇ ਸਿੱਖ ਸੰਸਥਾਵਾਂ ਵਿਚਕਾਰ ਟਰਕਾਅ ਦੀ ਸਥਿਤੀ ਪੈਦਾ ਹੋ ਗਈ ਹੈ | ਪਾਰਟੀ ਆਗੂਆਂ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਤੇ ਇਸ ਵੱਲ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਉਹ ਦੋਸ਼ੀਆਂ ਵਿਰੁੱਧ ਸਖ਼ਤ ਸਜਾਵਾਂ ਦੇ ਹੱਕ ਵਿਚ ਹਨ, ਪਰ ਇਸ ਕਾਨੂੰਨ ਵਿਚ ਲੋੜੀਂਦੀਆਂ ਸੋਧਾਂ ਜ਼ਰੂਰ ਕੀਤੀਆਂ ਜਾਣ | ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਜੂਨ 1984 ਦੇ ਘੱਲੂਘਾਰੇ ਨੂੰ ਲੈ ਕੇ ਭਾਰਤ ਸਰਕਾਰ ਲੋਕ ਸਭਾ ਵਿਚ ਇਸ ਦੀ ਮੁਆਫ਼ੀ ਮੰਗੇ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਦਾ ਦੋਸ਼ੀ ਕਰਾਰ ਦਿੰਦੇ ਹੋਏ ਭਾਰਤ ਰਤਨ ਵਾਪਸ ਲਿਆ ਜਾਵੇ ਤੇ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਦਾ ਨਾਂਅ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਿਆ ਜਾਵੇ | ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਆਗੂਆਂ ਨੇ ਮੰਗ ਕੀਤੀ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ, ਕਿਉਂਕਿ 2011 ਤੋਂ ਬਾਅਦ ਇਹ ਚੋਣਾਂ ਨਹੀਂ ਹੋਈਆਂ | ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮਸਲੇ ਹੱਲ ਕਰਵਾਉਣ ਦਾ ਵੀ ਮੰਗ ਪੱਤਰ ਵਿਚ ਜ਼ਿਕਰ ਕੀਤਾ ਗਿਆ | ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਗੁਰਿੰਦਰਜੀਤ ਸਿੰਘ ਭੁੱਲਰ, ਰਜਨੀਤ ਕੌਰ, ਕੁਲਵੰਤ ਸਿੰਘ ਸਹਿਗਲ ਐਡਵੋਕੇਟ, ਰਜਿੰਦਰ ਲਾਡੀ ਕੌਂਸਲਰ, ਦਲਜੀਤ ਸਿੰਘ, ਐਡਵੋਕੇਟ ਪਰਵਿੰਦਰ ਸਿੰਘ, ਜਤਿੰਦਰ ਪਲਾਹੀ, ਬਲਜੀਤ ਸਿੰਘ ਹਮੀਰਾ, ਕੁਲਵਿੰਦਰ ਸਿੰਘ ਮੁੱਦੋਵਾਲ, ਨੰਬਰਦਾਰ ਬਲਦੇਵ ਸਿੰਘ ਦਿਆਲਪੁਰ, ਜਸਵਿੰਦਰ ਸਿੰਘ, ਗੋਲਡੀ ਸਰਪੰਚ ਤੇ ਹੋਰ ਹਾਜ਼ਰ ਸਨ |