ਕਪੂਰਥਲਾ, 1 ਜੂਨ (ਵਿ.ਪ੍ਰ.)-ਟਰੇਡ ਟੈਕਸ ਬੰਦ ਕਰਨ ਤੇ ਵਪਾਰੀਆਂ ਦੀਆਂ ਹੋਰ ਮੁਸ਼ਕਲਾਂ ਨੂੰ ਲੈ ਕੇ ਵਪਾਰ ਮੰਡਲ ਕਪੂਰਥਲਾ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਯਸ਼ ਮਹਾਜਨ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨਾਲ ਇਕ ਮੀਟਿੰਗ ਕੀਤੀ | ਮੀਟਿੰਗ ਵਿਚ ਵਪਾਰ ਮੰਡਲ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਕੱਲਾ ਕਪੂਰਥਲਾ ਸ਼ਹਿਰ ਹੀ ਹੈ, ਜਿੱਥੇ ਵਪਾਰੀ ਟਰੇਡ ਟੈਕਸ ਦੇ ਰਹੇ ਹਨ, ਜਦਕਿ ਦੂਜੇ ਸ਼ਹਿਰਾਂ ਵਿਚ ਵਪਾਰੀਆਂ ਨੂੰ ਇਸ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਗਾਇਆ ਜਾ ਰਿਹਾ | ਇਸ ਲਈ ਵਪਾਰੀਆਂ 'ਤੇ ਪੈ ਰਹੇ ਆਰਥਿਕ ਬੋਝ ਨੂੰ ਮੁੱਖ ਰੱਖਦਿਆਂ ਇਹ ਟਰੇਡ ਟੈਕਸ ਤੁਰੰਤ ਬੰਦ ਕਰਵਾਇਆ ਜਾਵੇ | ਮੀਟਿੰਗ ਵਿਚ ਵਪਾਰੀਆਂ ਨੇ ਨਗਰ ਨਿਗਮ ਨਾਲ ਸਬੰਧਿਤ ਸਮੱਸਿਆਵਾਂ ਜਿਵੇਂ ਕਿ ਸਫ਼ਾਈ ਵਿਵਸਥਾ, ਸਟਰੀਟ ਲਾਈਟ, ਸੀਵਰੇਜ ਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਹੋਰ ਬੁਨਿਆਦੀ ਸਹੂਲਤਾਂ ਦੇਣ, ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਿਰਾਏਦਾਰਾਂ ਦੀ ਰਜਿਸਟਰੇਸ਼ਨ ਲਾਜ਼ਮੀ ਕਰਨ, ਟਰੈਫ਼ਿਕ ਵਿਵਸਥਾ, ਪਾਰਕਿੰਗ ਤੇ ਵਪਾਰੀਆਂ ਦੀ ਸੁਰੱਖਿਆ ਨਾਲ ਸਬੰਧਿਤ ਹੋਰ ਕਈ ਮਾਮਲੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੇ | ਡਿਪਟੀ ਕਮਿਸ਼ਨਰ ਨੇ ਵਪਾਰ ਮੰਡਲ ਦੇ ਆਗੂਆਂ ਵਲੋਂ ਦੱਸੀਆਂ ਗਈਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਵਪਾਰ ਮੰਡਲ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਪਹਿਲ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਬੰਧਿਤ ਸਮੱਸਿਆਵਾਂ ਦਾ ਹੱਲ ਤੇ ਵਪਾਰ ਅਨੂਕੁਲ ਮਾਹੌਲ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਵਪਾਰ ਮੰਡਲ ਦੇ ਆਗੂਆਂ ਨੇ ਆਸ ਪ੍ਰਗਟ ਕੀਤੀ ਕਿ ਡਿਪਟੀ ਕਮਿਸ਼ਨਰ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਯਤਨ ਕਰਨਗੇ | ਇਸ ਤੋਂ ਪਹਿਲਾਂ ਵਪਾਰ ਮੰਡਲ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵਪਾਰ ਮੰਡਲ ਦੇ ਜ਼ਿਲ੍ਹਾ ਚੇਅਰਮੈਨ ਚੇਤਨ ਸੂਰੀ, ਸੀਨੀਅਰ ਸਰਪ੍ਰਸਤ ਪ੍ਰਸ਼ੋਤਮ ਪਾਸੀ, ਸਰਪ੍ਰਸਤ ਧਰਮਪਾਲ ਗਰੋਵਰ, ਵਪਾਰ ਮੰਡਲ ਦੇ ਸੀਨੀਅਰ ਉਪ ਪ੍ਰਧਾਨ ਨਵੀਨ ਓਬਰਾਏ, ਉਪ ਪ੍ਰਧਾਨ ਨਰੇਸ਼ ਕੁਮਾਰ ਸੂਜੋਕਾਲੀਆ, ਕਰਨ ਮਹਾਜਨ, ਗਰੀਸ਼ ਭਸੀਨ, ਜਨਰਲ ਸਕੱਤਰ ਜਗਦੀਸ਼ ਸ਼ਰਮਾ, ਸਕੱਤਰ ਸਤੀਸ਼ ਮਹਾਜਨ, ਧਰਮਵੀਰ ਮਲਹੋਤਰਾ, ਇੰਦਰਪਾਲ ਸਿੰਘ ਭਾਟੀਆ, ਕਮਲ ਪ੍ਰਭਾਕਰ, ਕੌਂਸਲਰ ਵਿੱਕੀ ਗੁਜਰਾਲ ਤੋਂ ਇਲਾਵਾ ਵਪਾਰ ਮੰਡਲ ਦੇ ਹੋਰ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |