ਨਡਾਲਾ, 5 ਜੂਨ (ਰਘਬਿੰਦਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਅਤੇ ਬੇਅਦਬੀ ਨਾਲ ਜੁੜੇ ਬਹੁਤ ਹੀ ਗੰਭੀਰ ਮਾਮਲੇ ਵਿਚ ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਪੰਜਾਬ ਪੁਲਿਸ ਅਤੇ ਆਮ ਆਦਮੀ ਪਾਰਟੀ ਸਰਕਾਰ ਦੀ ਘੋਰ ਅਣਗਹਿਲੀ, ਅਯੋਗਤਾ ਅਤੇ ਬੇਅਦਬੀ ਮਾਮਲਿਆਂ ਪ੍ਰਤੀ ਗੈਰ-ਗੰਭੀਰ ਰਵੱਈਏ ਨੂੰ ਬੇਨਕਾਬ ਕਰਦਾ ਹੈ | ਖਹਿਰਾ ਨੇ ਕਿਹਾ ਕਿ ਅੰਮਿ੍ਤਸਰ ਦੇ ਥਾਣਾ ਸੀ ਡਿਵੀਜ਼ਨ ਵਿਚ ਦਰਜ ਐਫਆਈਆਰ ਨੰਬਰ 168 ਮਿਤੀ 07.12.2025, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਵਿਚ ਅਦਾਲਤ ਨੇ 16 ਅਪ੍ਰੈਲ 2026 ਦੇ ਆਪਣੇ ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਮੁਲਜ਼ਮ ਨੂੰ ਇਸ ਲਈ ਜ਼ਮਾਨਤ ਦੇਣੀ ਪਈ ਕਿਉਂਕਿ ਪੁਲਿਸ ਨਿਰਧਾਰਿਤ ਸਮੇਂ ਅੰਦਰ ਚਲਾਨ ਪੇਸ਼ ਕਰਨ ਵਿਚ ਅਸਫਲ ਰਹੀ | ਇਹ ਨਾ ਸਿਰਫ਼ ਜਾਂਚ ਏਜੰਸੀਆਂ ਦੀ ਨਾਕਾਮੀ ਹੈ, ਸਗੋਂ ਸੂਬਾ ਸਰਕਾਰ ਦੀ ਤਰਜੀਹਾਂ ਉੱਤੇ ਵੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਰੂਪਾਂ ਦੀ ਚੋਰੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿਚ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮਜ਼ਬੂਤ ਕੇਸ ਵੀ ਤਿਆਰ ਨਹੀਂ ਕਰ ਸਕਦੀ, ਜਦਕਿ ਦੂਜੇ ਪਾਸੇ ਟਾਂਡਾ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਕਥਿਤ ਤੌਰ 'ਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ''ਝਾੜੂ'' ਦੀ ਬੇਅਦਬੀ ਦੇ ਦੋਸ਼ ਹੇਠ ਗਿ੍ਫ਼ਤਾਰ ਕਰ ਲਿਆ ਜਾਂਦਾ ਹੈ | ਇਸ ਤੋਂ ਸਾਫ਼ ਹੈ ਕਿ ਪੰਜਾਬ ਸਰਕਾਰ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲੋਂ ਆਪਣੇ ਸਿਆਸੀ ਚਿੰਨ੍ਹ ਦੀ ਵਧੇਰੇ ਚਿੰਤਾ ਹੈ |ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿਚ ਬੇਅਦਬੀ ਕਾਨੂੰਨ ਦੇ ਨਾਂ 'ਤੇ ਕੱਢੀ ਗਈ ''ਸ਼ੁਕਰਾਨਾ ਯਾਤਰਾ'' ਹੁਣ ਇੱਕ ਖੋਖਲਾ ਸਿਆਸੀ ਡਰਾਮਾ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਸਟੰਟ ਸਾਬਤ ਹੋ ਰਹੀ ਹੈ | ਜੇਕਰ ਸਰਕਾਰ ਸੱਚਮੁੱਚ ਬੇਅਦਬੀ ਦੇ ਮਾਮਲਿਆਂ ਪ੍ਰਤੀ ਗੰਭੀਰ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਦੇ ਕੇਸ ਵਿਚ ਚਲਾਨ ਸਮੇਂ ਸਿਰ ਪੇਸ਼ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਦੀ | ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਗੰਭੀਰ ਨਾਕਾਮੀ ਲਈ ਪੰਜਾਬ ਦੇ ਲੋਕਾਂ ਅਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਅਤੇ ਇਹ ਸਪਸ਼ਟ ਕਰਨ ਕਿ ਆਿਖ਼ਰ ਕਿਹੜੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇੰਨੇ ਸੰਵੇਦਨਸ਼ੀਲ ਮਾਮਲੇ ਵਿਚ ਮੁਲਜ਼ਮਾਂ ਨੂੰ ਜ਼ਮਾਨਤ ਮਿਲੀ | ਨਾਲ ਹੀ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਲਾਪਰਵਾਹੀ ਦੁਹਰਾਈ ਨਾ ਜਾ ਸਕੇ |