ਡਡਵਿੰਡੀ, 11 ਜੁਲਾਈ (ਦਿਲਬਾਗ ਸਿੰਘ ਝੰਡ)- ਨੇੜਲੇ ਪਿੰਡ ਡੱਲਾ ਦੀ ਦਾਣਾ ਮੰਡੀ ਵਿਚ ਬੀਤੀ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ ਨੌਜਵਾਨ ਦੇ ਦੋਸਤ ਦੇ ਬਿਆਨਾਂ ਦੇ ਆਧਾਰ ‘ਤੇ ਸੁਲਤਾਨਪੁਰ ਲੋਧੀ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇੱਕ ਨੂੰ ਗਿ੍ਫਤਾਰ ਕਰਨ ਵਿਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਜਦਕਿ 3 ਅਣਪਛਾਤੇ ਵਿਅਕਤੀ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਡੱਲਾ ਦੇ ਇੰਚਾਰਜ ਸਬ ਇੰਸਪੈਕਟਰ ਜਸਦੀਪ ਸਿੰਘ ਨੇ ਦੱਸਿਆ ਕਿ ਕਰਨਦੀਪ ਸਿੰਘ ਉਰਫ਼ ਕਨੂੰ ਪੁੱਤਰ ਤਰਸੇਮ ਸਿੰਘ ਵਾਸੀ ਮੁਹੱਲਾ ਗੜਾ (ਡੱਲਾ) ਥਾਣਾ ਸੁਲਤਾਨਪੁਰ ਲੋਧੀ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਦੋਸਤ ਸਨੀ ਕੁਮਾਰ ਪੁੱਤਰ ਸੁਭਾਸ਼ ਕੁਮਾਰ ਵਾਸੀ ਮੌਜੂ ਖੈੜਾ ਥਾਣਾ ਡਿੰਗ ਰੋਡ ਸਰਸਾ (ਹਰਿਆਣਾ) ਆੜ੍ਹਤੀ ਜਰਨੈਲ ਸਿੰਘ ਵਾਸੀ ਫੱਤੂਵਾਲ ਥਾਣਾ ਸੁਲਤਾਨਪੁਰ ਲੋਧੀ ਦੀ ਫਰਮ ਚੰਡੀ ਟਰੇਡਰਸ ‘ਤੇ ਲੇਬਰ ਨਾਲ ਮੰਡੀ ਵਿਚ ਮਿਹਨਤ ਮਨਜ਼ੂਰੀ ਦਾ ਕੰਮ ਕਰਨ ਆਏ ਸੀ ਤੇ 9 ਜੁਲਾਈ ਨੂੰ ਸੰਨੀ ਆੜ੍ਹਤੀ ਜਰਨੈਲ ਸਿੰਘ ਵਾਸੀ ਫੱਤੂਵਾਲ ਸੁਲਤਾਨਪੁਰ ਲੋਧੀ ਦੇ ਨਿੱਜੀ ਫੜ ਵਿਚ ਲੇਬਰ ਲਈ ਬਣੇ ਕਮਰੇ ਦੇ ਬਾਹਰ ਮੰਜੇ ‘ਤੇ ਬੈਠਾ ਸੀ ਤੇ ਉਹ ਆਪ ਮੰਡੀ ਦੇ ਸ਼ੈੱਡ ਹੇਠ ਖੜਾ ਸੀ ਅਤੇ ਉਹ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਜਰਨੈਲ ਸਿੰਘ ਦੇ ਨਿੱਜੀ ਫੜ ਪਾਸ ਪੁੱਜਾ ਤਾਂ ਉਸਦੇ ਦੇਖਦੇ ਹੀ ਦੇਖਦੇ ਕਾਲਾ ਸਿੰਘ ਪੁੱਤਰ ਰਾਮ ਲਾਲ, ਸੁਖਦੇਵ ਸਿੰਘ ਗਗਨਦੀਪ ਸਿੰਘ ਅਤੇ ਮੰਗਾ ਪੁਤਰਾਨ ਕਾਲਾ ਸਿੰਘ ਵਾਸੀ ਡੱਲਾ ਥਾਣਾ ਸੁਲਤਾਨਪੁਰ ਲੋਧੀ ਅਤੇ ਹੋਰ ਦੋ ਤਿੰਨ ਅਣਪਛਾਤੇ ਵਿਅਕਤੀਆਂ ਹੜ੍ਹ ਵੱਲੋਂ ਭੱਜ ਕੇ ਬਾਹਰ ਆ ਰਹੇ ਸਨ | ਉਸ ਨੇ ਅੱਗੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਕਾਲਾ ਸਿੰਘ ਦੇ ਹੱਥ ਵਿਚ ਪਿਸਟਲ ਫੜਿਆ ਹੋਇਆ ਸੀ ਜੋ ਉਹ ਹਵਾ ਵਿਚ ਲਹਿਰਾ ਰਿਹਾ ਸੀ ਤੇ ਬਾਕੀ ਸਾਰਿਆਂ ਦੇ ਹੱਥਾਂ ਵਿਚ ਦਾਤਰ ਤੇ ਬੇਸਬਾਲ ਸਨ ਅਤੇ ਉਹ ਬਾਹਰ ਖੜੇ ਆਪਣੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਲਲਕਾਰੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਲੋਹੀਆਂ ਵਾਲੇ ਪਾਸੇ ਨੂੰ ਚਲੇ ਗਏ | ਉਸਨੇ ਦੌੜ ਕੇ ਅੰਦਰ ਜਾ ਕੇ ਦੇਖਿਆ ਤਾਂ ਉਸਦਾ ਦੋਸਤ ਸਨੀ ਕੁਮਾਰ ਲਹੂ ਲੁਹਾਨ ਪਿਆ ਸੀ, ਜਿਸ ਨੇ ਦੱਸਿਆ ਕਿ ਸੁਖਦੇਵ ਸਿੰਘ ਨੇ ਆਪਣੇ ਹੱਥ ਵਿਚ ਫੜੇ ਪਿਸਟਲ ਨਾਲ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਫਾਇਰ ਕੀਤੇ ਜੋ ਉਸ ਦੇ ਸਿਰ ਤੇ ਸਰੀਰ ਉੱਤੇ ਲੱਗੇ ਅਤੇ ਬਾਕੀਆਂ ਨੇ ਆਪਣੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰੀਆਂ | ਸਬ ਇੰਸਪੈਕਟਰ ਜਸਦੀਪ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਸਮੇਤ 3 ਨਾਮਲੂਮ ਵਿਅਕਤੀਆਂ ਖ਼ਿਲਾਫ਼ ਕਦਮਾਂ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਵਿਚੋਂ ਕਾਲਾ ਸਿੰਘ ਪੁੱਤਰ ਰਾਮ ਲਾਲ ਨੂੰ ਗਿ੍ਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |