ਡਡਵਿੰਡੀ, 11 ਜੁਲਾਈ (ਦਿਲਬਾਗ ਸਿੰਘ ਝੰਡ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਕਪੂਰਥਲਾ ਦੀ ਇੱਕ ਜ਼ਰੂਰੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਜੋਨ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਨੇ ਕਿਹਾ ਕਿ ਸਰਕਾਰ ਦੀ ਸੋਧੀ ਹੋਈ ਲੈਂਡ ਪੋਲਿੰਗ ਨੀਤੀ ਅਤੇ ਭਾਰਤ ਅਮਰੀਕਾ ਸਮਝੌਤਾ ਕਿਸਾਨ ਕਿਸੇ ਹਾਲਤ ਵਿਚ ਲਾਗੂ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਦੀ ਜ਼ਮੀਨ ਸਰਕਾਰ ਨੂੰ ਜਬਰੀ ਨਹੀਂ ਖੋਹਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਲੈਂਡ ਪੁਲਿੰਗ ਨੀਤੀ ਵਿਚ ਰਿਆਇਤਾਂ ਦੇ ਨਾਂਅ ਹੇਠ ਕਿਸਾਨਾਂ ਨਾਲ ਸਰਕਾਰ ਧੱਕਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਜ਼ਮੀਨਾਂ ਕਿਸਾਨਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਬਣੀਆਂ ਹਨ ਤੇ ਇਹ ਕਿਸਾਨਾਂ ਦੀ ਰੋਜ਼ੀ ਰੋਟੀ ਦਾ ਸਵਾਲ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਤੋਂ ਬਾਅਦ ਪਹਿਲਾਂ ਵੀ ਸਰਕਾਰ ਨੂੰ ਲੈਂਡ ਪੁਲਿੰਗ ਨੀਤੀ ਵਾਪਸ ਲੈਣੀ ਪਈ ਸੀ | ਉਨ੍ਹਾਂ ਕਿਹਾ ਕਿ ਹੁਣ ਵੀ ਸਰਕਾਰ ਨੂੰ ਆਪਣੀ ਪਾਲਿਸੀ ਵਾਪਸ ਲੈ ਕੇ ਪਿੱਛੇ ਹਟਣਾ ਪਵੇਗਾ | ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਕਾਰਪੋਰੇਟਾਂ ਦੀ ਨਜ਼ਰ ਇਸ ਸਮੇਂ ਜ਼ਮੀਨਾਂ ਖੋਹਣ ‘ਤੇ ਹੈ ਤੇ ਇਹ ਘਰਾਣੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਕੇ ਖੇਤੀ ਸੈਕਟਰ ‘ਤੇ ਕਬਜ਼ਾ ਕਰਨ ਦੀ ਤਾਕ ਵਿਚ ਹਨ, ਪਰ ਪੰਜਾਬ ਦੇ ਲੋਕ ਸਰਕਾਰ ਤੇ ਕਾਰਪੋਰੇਟਾਂ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਨਾਲ ਕੀਤੇ ਗਏ ਕਪਾਹ, ਮੱਕਾ ਅਤੇ ਦੁੱਧ ਦੇ ਕਰ ਮੁਕਤ ਸਮਝੌਤੇ ਨੂੰ ਤੁਰੰਤ ਰੱਦ ਕਰੇ | ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਜ਼ਿਲੇ੍ਹ ਦੇ ਸਮੂਹ ਸ਼ਹਿਰਾਂ ਤੇ ਪਿੰਡਾਂ ਵਿਚ ਰੋਸ ਵਜੋਂ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ ਤੇ 20 ਜੁਲਾਈ ਨੂੰ ਕਿਸਾਨ ਦਿੱਲੀ ਵਲ ਨੂੰ ਕੂਚ ਕਰਨਗੇ | ਇਸ ਮੌਕੇ ਕਮੇਟੀ ਦੇ ਜ਼ਿਲ੍ਹਾ ਖ਼ਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ, ਨੰਬਰਦਾਰ ਅਮਰਜੀਤ ਸਿੰਘ ਫੌਜੀ ਕਲੋਨੀ, ਭਜਨ ਸਿੰਘ ਫੌਜੀ ਕਲੋਨੀ, ਮਨਦੀਪ ਸਿੰਘ ਮੁਹਬਲੀਪੁਰ, ਬਲਬੀਰ ਸਿੰਘ ਡੱਲਾ ਅਤੇ ਲਖਵਿੰਦਰ ਸਿੰਘ ਗਿੱਲਾਂ ਆਦਿ ਹਾਜ਼ਰ ਸਨ