ਕਾਲਾ ਸੰਘਿਆਂ, 11 ਜੁਲਾਈ (ਬਲਜੀਤ ਸਿੰਘ ਸੰਘਾ)-ਜਦੋਂ ਕਦੇ ਸਰਕਾਰੀ ਅਧਿਕਾਰੀ ਜਾਂ ਸਰਕਾਰ ਆਮ ਲੋਕਾਂ ਦੀਆਂ ਮੁਸ਼ਕਲਾਂ ਵੱਲ ਆਪ ਧਿਆਨ ਨਾ ਦੇਣ ਤਾਂ ਕੁਦਰਤ ਵੀ ਸਰਕਾਰੀ ਵਿਭਾਗਾਂ ਦੀ ਅਣਗਹਿਲੀਆਂ ‘ਤੇ ਸਰਕਾਰ ਦੀਆਂ ਅਣਦੇਖੀਆਂ ਦੀ ਪੋਲ ਖੋਲ ਦਿੰਦੀ ਹੈ | ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਚੰਗੇ ਸਰਕਾਰੀ ਹਸਪਤਾਲਾਂ ਦੀਆਂ ਗੱਲਾਂ ਮੀਡੀਆ ਤੇ ਸੁਣਨ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹੀ ਤਸਵੀਰ ਵੀ ਸਾਹਮਣੇ ਆ ਜਾਂਦੀ ਹੈ ਜੋ ਵਿਭਾਗ, ਸਰਕਾਰ ਤੇ ਅਧਿਕਾਰੀਆਂ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੰਦੀ ਹੈ ਤੇ ਅਜਿਹਾ ਹੀ ਅੱਜ ਸਵੇਰੇ ਕਾਲਾ ਸੰਘਿਆਂ ਵਿਖੇ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਥੋੜੇ ਜਿਹੇ ਪਏ ਮੀਂਹ ਨਾਲ ਸਰਕਾਰੀ ਹਸਪਤਾਲ ਕਾਲਾ ਸੰਘਿਆਂ ਦੇ ਮੇਨ ਗੇਟ ਤੇ ਖੜਾ ਪਾਣੀ ਇਵੇਂ ਲੱਗ ਰਿਹਾ ਸੀ ਜਿਵੇਂ ਛੱਪੜ ਲੱਗਾ ਹੋਵੇ | ਮੌਕੇ ਤੇ ਜਾ ਕੇ ਵੇਖਿਆ ਗਿਆ ਕਿ ਹਸਪਤਾਲ ਦੇ ਸਾਰੇ ਗੇਟ ਅੱਗੇ ਪਾਣੀ ਖੜ੍ਹਾ ਹੋਣ ਕਾਰਨ ਬਿਮਾਰ ਮਰੀਜ਼ਾਂ ਨੂੰ ਹਸਪਤਾਲ ਜਾਣ ਵਿਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਬਹੁਤੇ ਮਰੀਜ਼ ਤਾਂ ਜੋ ਬਿਮਾਰ ਹੋਣ ਕਾਰਨ ਅੱਜ ਹਸਪਤਾਲ ਦਵਾਈ ਲੈਣ ਆਏ ਇਹ ਵੀ ਕਹਿ ਰਹੇ ਸਨ ਕਿ ਅਸੀਂ ਤਾਂ ਪਹਿਲਾਂ ਹੀ ਬਿਮਾਰ ਹਾਂ ਅਤੇ ਹਸਪਤਾਲ ਜਾ ਕੇ ਦਵਾਈ ਲੈਣ ਉਪਰੰਤ ਠੀਕ ਹੋਣਾ ਤਾਂ ਬਾਅਦ ਦੀ ਗੱਲ ਹੈ ਇਸ ਹਸਪਤਾਲ ਅੱਗੇ ਖੜੇ ਮੀਂਹ ਦੇ ਗੰਦੇ ਪਾਣੀ ਵਿੱਚਦੀ ਲੰਘਣ ਨਾਲ ਅਸੀਂ ਹੋਰ ਬਿਮਾਰ ਹੋ ਜਾਵਾਂਗੇ, ਇਸ ਲਈ ਦਵਾਈ ਬਾਹਰੋਂ ਮੈਡੀਕਲ ਤੋਂ ਹੀ ਲੈ ਲੈਂਦੇ ਹਾਂ | ਗੱਡੀਆਂ ਵਾਲਿਆਂ ਨੂੰ ਤਾਂ ਕੋਈ ਫ਼ਰਕ ਨਹੀਂ ਪਰ ਪੈਦਲ ਜਾਂ ਸਾਈਕਲ ਤੇ ਲੰਘਣਾ ਕਿਸੇ ਮੁਸੀਬਤ ਤੋਂ ਘੱਟ ਨਹੀਂ | ਅੱਜ ਕਾਲਾ ਸੰਘਿਆਂ ਦੇ ਹਸਪਤਾਲ ਅੱਗੇ ਖੜੇ ਮੀਂਹ ਦੇ ਗੰਦੇ ਪਾਣੀ ਕਾਰਨ ਪ੍ਰੇਸ਼ਾਨ ਹੋਏ ਤੇ ਵਾਪਸ ਮੁੜੇ ਮਰੀਜ਼ਾਂ ਸਬੰਧੀ ਹਸਪਤਾਲ ਦੇ ਐਸ.ਐਮ.ਓ. ਡਾਕਟਰ ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੰਚਾਇਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਿ ਅਸੀਂ ਤਾਂ ਗੇਟ ਅੱਗੇ ਰਿਪੇਅਰ ਕਰਵਾਈ ਹੈ ਪਰ ਹਸਪਤਾਲ ਦੇ ਨਾਲੋਂ ਜਾਂਦਾ ਸੀਵਰੇਜ ਅੱਗਿਓਾ ਬਾਜ਼ਾਰ ਵੱਲੋਂ ਬੰਦ ਹੈ ਜੋ ਪੰਚਾਇਤ ਨੇ ਸਾਫ਼ ਕਰਵਾਉਣਾ ਹੈ ਜਿਸ ਕਾਰਨ ਇੱਥੇ ਪਾਣੀ ਖੜ੍ਹਾ ਹੁੰਦਾ ਹੈ ਅਤੇ ਅਸੀਂ ਦੁਬਾਰਾ ਪੰਚਾਇਤ ਨੂੰ ਕਹਾਂਗੇ ਪਰ ਜਦੋਂ ਪੁੱਛਿਆ ਗਿਆ ਕਿ ਹਸਪਤਾਲ ਦੇ ਗੇਟ ਦੇ ਬਾਹਰੋਂ ਥਾਂ ਨੀਵਾਂ ਹੈ ਤੇ ਅੰਦਰ ਦੇ ਲੈਵਲ ਤੋਂ ਕਾਫ਼ੀ ਫ਼ਰਕ ਹੈ ਤਾਂ ਐਸ ਐਮ ਓ ਨੇ ਕਿਹਾ ਕਿ ਕੋਈ ਮਿਸਤਰੀ ਨਹੀਂ ਮਿਲਦਾ ਪਰ ਫਿਰ ਵੀ ਅਸੀਂ ਜਲਦ ਠੀਕ ਕਰਵਾਵਾਂਗੇ |