ਕਪੂਰਥਲਾ, 16 ਜੁਲਾਈ (ਅਮਨਜੋਤ ਸਿੰਘ ਵਾਲੀਆ)-ਪਿੰਡ ਖੁਖਰੈਣ ਨਜ਼ਦੀਕ ਇਕ ਈ-ਰਿਕਸ਼ਾ ਪਲਟਣ ਕਾਰਨ ਈ-ਰਿਕਸ਼ਾ ਵਿਚ ਸਵਾਰ ਚਾਰ ਮਹਿਲਾ ਸਵਾਰੀਆਂ ਜ਼ਖਮੀ ਹੋ ਗਈਆਂ | ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਰਾਣੀ ਪਤਨੀ ਸੋਢੀ ਵਾਸੀ ਸ਼ੇਖੂਪੁਰ ਨੇ ਦੱਸਿਆ ਕਿ ਉਹ ਵਿਆਹ ਸ਼ਾਦੀਆਂ ਵਿਚ ਰੋਟੀਆਂ ਬਣਾਉਣ ਦਾ ਕੰਮ ਕਰਦੀਆਂ ਹਨ | ਅੱਜ ਜਦੋਂ ਉਹ ਕੰਮ ‘ਤੇ ਜਾ ਰਹੀਆਂ ਸਨ ਤਾਂ ਪਿੰਡ ਖੁਖਰੈਣ ਨੇੜੇ ਈ-ਰਿਕਸ਼ਾ ਅਚਾਨਕ ਪਲਟ ਗਿਆ ਜਿਸ ਕਾਰਨ ਉਹ ਤੇ ਉਸਦੇ ਸਾਥੀ ਜ਼ਖਮੀ ਹੋ ਗਏ | ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਿੰਨ ਔਰਤਾਂ ਦੇ ਮਾਮੂਲੀ ਸੱਟਾਂ ਲੱਗੀਆਂ ਹੋਣ ਕਾਰਨ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ | ਜਦਕਿ ਰਾਣੀ ਦੇ ਗੰਭੀਰ ਸੱਟਾਂ ਹੋਣ ਕਾਰਨ ਉਸਦਾ ਇਲਾਜ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |