ਕਪੂਰਥਲਾ, 21 ਜੁਲਾਈ (ਅਮਰਜੀਤ ਕੋਮਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹੇ ਦੇ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ ਵਿਚ ਕਿਸਾਨਾਂ ਨੇ ਪਾਵਰਕਾਮ ਦੇ ਡਵੀਜ਼ਨ ਨੰਬਰ 2 ਦੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ | ਧਰਨਾ ਦੇ ਕੇ ਪਾਵਰਕਾਮ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੋਲਦਿਆਂ ਦਲਬੀਰ ਸਿੰਘ ਨਾਨਕਪੁਰ ਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਦੀ ਸਬ ਡਵੀਜ਼ਨ ਸੁਰਖਪੁਰ ਤੋਂ ਚੱਲਦੇ ਏ.ਪੀ. ਫੀਡਰ ਕਿਸ਼ਨ ਸਿੰਘ ਵਾਲਾ ‘ਤੇ ਦਰਸ਼ਨ ਸਿੰਘ ਦੇ ਨਾਂਅ ‘ਤੇ ਚੱਲ ਰਿਹਾ ਟਰਾਂਸਫ਼ਾਰਮਰ ਪਿਛਲੇ 25 ਦਿਨਾਂ ਤੋਂ ਖ਼ਰਾਬ ਹੈ ਤੇ ਇਸ ਟਰਾਂਸਫਾਰਮਰ ‘ਤੇ ਬਿਜਲੀ ਦੇ 7 ਟਿਊਬਵੈੱਲ ਪੈਂਦੇ ਹਨ ਤੇ ਇਨ੍ਹਾਂ ਟਿਊਬਵੈੱਲਾਂ ਵਾਲੇ ਕਿਸਾਨ ਆਪਣੀ ਝੋਨੇ ਦੀ ਫ਼ਸਲ ਪਾਲਣ ਲਈ ਜਨਰੇਟਰ ਚਲਾਉਣ ਲਈ ਮਜਬੂਰ ਹਨ, ਪਰ ਕਿਸਾਨਾਂ ਵਲੋਂ ਵਾਰ ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਵੀ ਨਾ ਤਾਂ ਟਰਾਂਸਫ਼ਾਰਮਰ ਦੀ ਮੁਰੰਮਤ ਹੀ ਕੀਤੀ ਗਈ ਤੇ ਨਾ ਹੀ ਇਸ ਨੂੰ ਵੱਡਾ ਕੀਤਾ ਗਿਆ | ਕਿਸਾਨ ਆਗੂਆਂ ਨੇ ਕਿਹਾ ਕਿ ਉਹ ਇਹ ਟਰਾਂਸਫ਼ਾਰਮਰ ਬਦਲਣ ਦੀ ਮੰਗ ਨੂੰ ਲੈ ਕੇ ਐਸ.ਡੀ.ਓ. ਢਿਲਵਾਂ ਨੂੰ ਵੀ ਵਾਰ ਵਾਰ ਫ਼ੋਨ ਕਰ ਚੁੱਕੇ ਹਨ, ਪਰ ਐਸ.ਡੀ.ਓ. ਦੇ ਦਫ਼ਤਰ ਵਲੋਂ ਵੀ ਕੋਈ ਸੰਤੁਸ਼ਟੀ ਜਨਕ ਜਵਾਬ ਨਾ ਮਿਲਣ ਕਾਰਨ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਇਹ ਮਾਮਲਾ ਪਾਵਰਕਾਮ ਦੇ ਨਿਗਰਾਨ ਇੰਜੀਨੀਅਰ ਦੇ ਧਿਆਨ ਵਿਚ ਲਿਆਂਦਾ ਤਾਂ ਸਬੰਧਿਤ ਐਸ.ਡੀ.ਓ. ਵਲੋਂ ਵੀ ਨਿਗਰਾਨ ਇੰਜੀਨੀਅਰ ਨੂੰ ਗਲਤ ਜਾਣਕਾਰੀ ਦਿੱਤੀ ਗਈ ਤੇ ਅੱਜ ਕਿਸਾਨ ਮਜਬੂਰ ਹੋ ਕੇ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਮੂਹਰੇ ਧਰਨਾ ਦੇ ਰਹੇ ਹਨ | ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਨੇ ਬਿਨ੍ਹਾਂ ਦੇਰੀ ਟਰਾਂਸਫ਼ਾਰਮਰ ਨਾ ਲਾਇਆ ਤਾਂ ਯੂਨੀਅਨ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋਵੇਗੀ ਤੇ ਪਾਵਰਕਾਮ ਦੇ ਦਫ਼ਤਰ ਮੂਹਰੇ ਚੱਕਾ ਜਾਮ ਕੀਤਾ ਜਾਵੇਗਾ | ਇਸੇ ਦੌਰਾਨ ਹੀ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਨੇ ਧਰਨਾਕਾਰੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕੱਲ੍ਹ ਟਰਾਂਸਫ਼ਾਰਮਰ ਲਗਾ ਦਿੱਤਾ ਜਾਵੇਗਾ | ਇਸ ਤੋਂ ਬਾਅਦ ਕਿਸਾਨਾਂ ਨੇ ਦੇਰ ਰਾਤ ਧਰਨਾ ਸਮਾਪਤ ਕਰ ਦਿੱਤਾ | ਧਰਨੇ ਵਿਚ ਯੂਨੀਅਨ ਦੇ ਬਲਾਕ ਪ੍ਰਧਾਨ ਬਖ਼ਸ਼ੀਸ਼ ਸਿੰਘ ਮਜ਼ਾਦਪੁਰ, ਜਗਤਾਰ ਸਿੰਘ, ਲਹਿੰਬਰ ਸਿੰਘ, ਇੰਦਰਜੀਤ ਸਿੰਘ, ਜੋਗਿੰਦਰ ਸਿੰਘ, ਸੋਨੂੰ (ਸਾਰੇ ਸੁਰਖਪੁਰ), ਬਹਾਦਰ ਸਿੰਘ, ਬਲਬੀਰ ਸਿੰਘ ਖ਼ਾਲਸਾ, ਯਾਦਵਿੰਦਰ ਸਿੰਘ (ਤਿੰਨੇ ਪ੍ਰਵੇਜ਼ ਨਗਰ), ਜਸਕੀਰਤ ਸਿੰਘ ਲਾਡੀ, ਸੁਖਦੇਵ ਸਿੰਘ, ਗੁਰਬਖ਼ਸ਼ ਸਿੰਘ, ਵਰਿੰਦਰ ਸਿੰਘ ਲਾਲਾ, ਜਸਦੇਵ ਸਿੰਘ (ਸਾਰੇ ਦੰਦੂਪੁਰ), ਭੁਪਿੰਦਰ ਸਿੰਘ ਤੇ ਤਲਵਿੰਦਰ ਸਿੰਘ ਰੱਤਾ ਕਦੀਮ, ਨੌ ਨਿਹਾਲ ਸਿੰਘ, ਅਮਰੀਕ ਸਿੰਘ, ਤਰਨਜੀਤ ਸਿੰਘ, ਏਵਨ ਸਿੰਘ, ਦਲਜੀਤ ਸਿੰਘ, ਗੁਲਜਾਰ ਸਿੰਘ (ਸਾਰੇ ਬਰਿੰਦਪੁਰ) ਤੋਂ ਇਲਾਵਾ ਹੋਰ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਟਰਾਂਸਫ਼ਾਰਮਰ ਬਦਲਣ ਦੀ ਮੰਗ ਨੂੰ ਲੈ ਕੇ ਪਾਵਰਕਾਮ ਦੇ ਦਫ਼ਤਰ ਮੂਹਰੇ ਧਰਨਾ
ਅਜੀਤ ਡੈਸਕ
22-07-2026