ਫਗਵਾੜਾ, 21 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਪਿੰਡ ਰਾਣੀਪੁਰ ਤੋ ਬੁਹਾਨੀ ਰੋਡ ਤੇ ਨਵੇਂ ਬਣੇ ਪੁਲ ਦਾ ਲੋਕਾਂ ਨੇ ਹਾਲੇ ਚਾਅ ਵੀ ਪੂਰਾ ਨਹੀਂ ਕੀਤਾ ਸੀ ਪਰ ਬਰਸਾਤ ਨੇ ਠੇਕੇਦਾਰ ਵਲੋਂ ਵਰਤੇ ਮੈਟੀਰੀਅਲ ਦੀ ਪੋਲ ਖੋਲ ਕੇ ਰੱਖ ਦਿੱਤੀ | ਇਸ ਪੁਲ ਦਾ ਪਿਛਲੇ ਸਾਲ ਹੀ ਉਦਘਾਟਨ ਹੋਇਆ ਸੀ ਅਤੇ ਹੁਣ ਅੱਧਾ ਅੱਧਾ ਫੁੱਟ ਇਹ ਪੁਲ ਬੈਠ ਜਾਣ ਕਾਰਨ ਲੋਕਾਂ ਦੀਆ ਗੱਡੀਆਂ ਨੁਕਸਾਨੀਆਂ ਜਾ ਰਹੀਆਂ ਹਨ ਪਰ ਹਾਲੇ ਤੱਕ ਨਾ ਕੋਈ ਸਰਕਾਰੀ ਅਧਿਕਾਰੀ ਅਤੇ ਨਾ ਹੀ ਰਾਜਨੀਤੀ ਲੋਕ ਇਸ ਪੁਲ ਦੀ ਸਾਰ ਲੈਣ ਨਹੀਂ ਗਏ | ਇਸ ਸਬੰਧੀ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਇਸ ਗੱਲ ਲਈ ਦੁੱਖ ਲੱਗਦਾ ਹੈ ਕਿ ਲੋਕਾਂ ਦੇ ਟੈਕਸ ਕੱਟ ਕੇ ਲੋਕਾਂ ਦੇ ਲਾਂਘੇ ਲਈ ਬਣ ਰਹੇ ਪੁਲ ਵਿਚ ਵਰਤੇ ਜਾ ਰਹੇ ਮੈਟੀਰੀਅਲ ਦੀ ਕੋਈ ਜਾਂਚ ਨਹੀਂ ਕਰ ਰਿਹਾ ਹੈ | ਨਵਾਂ ਬਣਿਆ ਇਹ ਬੁਹਾਨੀ ਰੋਡ ਵਾਲਾ ਪੁਲ ਅੱਧਾ ਅੱਧਾ ਫੁੱਟ ਧੱਸ ਗਿਆ ਅਤੇ ਠੇਕੇਦਾਰ ਹਾਲੇ ਤੱਕ ਕੋਈ ਵੀ ਰਿਪੇਅਰ ਲਗਾਉਣ ਨਹੀਂ ਆਇਆ | ਪਿੰਡ ਵਾਸੀਆਂ ਨੇ ਆਖਿਆ ਕਿ ਅਸੀਂ ਤਾਂ ਇਸ ਗੱਲ ਲਈ ਹੈਰਾਨੀ ਪ੍ਰਗਟ ਕਰਦੇ ਹਾਂ ਇਸ ਪੁਲ ਨੂੰ ਸਰਕਾਰੀ ਅਧਿਕਾਰੀਆਂ ਨੇ ਪਾਸ ਕਿਸ ਤਰ੍ਹਾਂ ਕਰ ਦਿੱਤਾ ਕਿਉਂਕਿ ਪੁਰਾਣੀ ਪੁਲੀ ਦੇ ਪਿੱਲਰ ਵੀ ਨਹੀਂ ਤੋੜੇ ਗਏ | ਪਿੰਡ ਵਾਸੀਆਂ ਨੇ ਆਖਿਆ ਕਿ ਸਰਕਾਰ ਨੂੰ ਇਸ ਨੁਕਸਾਨ ਦਾ ਠੇਕੇਦਾਰ ਤੋਂ ਮੁਆਵਜ਼ਾ ਲੈਣਾ ਚਾਹੀਦਾ ਹੈ | ਪਿੰਡ ਵਾਸੀਆਂ ਨੇ ਇਹ ਵੀ ਆਖਿਆ ਕਿ ਇਸ ਪੁਲ ਦੇ ਨਵੇਂ ਬਣੇ ਪਿੱਲਰ ਵੀ ਬੈਠਣੇ ਸ਼ੁਰੂ ਹੋ ਗਏ ਹਨ ਜਿਸ ਕਰਕੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਇਲਾਕੇ ਦੇ ਲੋਕਾਂ ਨੇ ਆਖਿਆ ਕਿ ਸਰਕਾਰਾਂ ਦੀਆਂ ਮਾਰੀਆਂ ਨੀਤੀਆਂ ਕਰਕੇ ਇਸ ਚਿੱਟੀ ਵੇਈਾ ਦੀ ਸਾਂਭ ਸੰਭਾਲ ਨਹੀਂ ਹੋਈ | ਜਿਸ ਕਾਰਨ ਬਰਸਾਤ ਦੇ ਸਮੇਂ ਵਿਚ ਵੇਈਾ ਦੀ ਸਾਫ਼ ਸਫ਼ਾਈ ਨਾ ਹੋਣ ਕਰਕੇ ਆਸ ਪਾਸ ਦੇ ਪਿੰਡਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ | ਇਸ ਵੇਈਾ ਦੀ ਮਾਹਿਰ ਹੇਠ ਫਗਵਾੜਾ ਹਲਕੇ ਦੇ ਪਿੰਡ ਸੰਗਤਪੁਰ, ਲੱਖਪੁਰ, ਸਾਹਨੀ, ਰਾਵਲਪਿੰਡੀ, ਸੀਕਰੀ, ਰਾਮਪੁਰ ਸੁਨੜਾ, ਬਬੇਲੀ, ਦੁੱਗਾ, ਰਾਣੀਪੁਰ, ਬੁਹਾਨੀ, ਭਾਖੜੀਆਣਾ, ਚਹੇੜੂ, ਮਹੇੜੂ ਆਦਿ ਪਿੰਡਾਂ ਨੂੰ ਬਰਸਾਤ ਸਮੇਂ ਨੁਕਸਾਨ ਝੱਲਣਾ ਪੈਦਾ ਹੈ ਜੋ ਫ਼ਸਲ ਨੂੰ 100 ਪ੍ਰਤੀਸ਼ਤ ਤਬਾਹ ਕਰ ਜਾਂਦਾ ਹੈ ਅਤੇ ਸਰਕਾਰ ਵੀ ਇਨ੍ਹਾਂ ਫ਼ਸਲਾਂ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੰਦੀ |
ਰਾਣੀਪੁਰ ਤੋਂ ਬੁਹਾਨੀ ਵਾਲੇ ਪੁਲ ਦਾ ਲੋਕਾਂ ਨੇ ਚਾਅ ਵੀ ਪੂਰਾ ਨਹੀਂ ਕੀਤਾ, ਨਵਾਂ ਪੁਲ ਬੈਠਣਾ ਵੀ ਸ਼ੁਰੂ ਹੋ ਗਿਆ
ਅਜੀਤ ਡੈਸਕ
22-07-2026