ਫਗਵਾੜਾ, 23 ਜੁਲਾਈ (ਹਰਜੋਤ ਸਿੰਘ ਚਾਨਾ)- ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਅੰਮਿ੍ਤਸਰ ਵਿਖੇ ਕਰਵਾਈ ਗਈ 77ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ‘ਚ ਜ਼ਿਲ੍ਹਾ ਕਪੂਰਥਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਤੀਸਰੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ | ਇਸ ਚੈਂਪੀਅਨਸ਼ਿਪ ‘ਚ ਪੰਜਾਬ ਦੇ 16 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ | ਜੇਤੂ ਟੀਮ ਦਾ ਫਗਵਾੜਾ ਪੁੱਜਣ ‘ਤੇ ਭਰਵਾ ਸੁਆਗਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਟੀਮ ਦੀ ਅਗਵਾਈ ਕੋਚ ਪ੍ਰਦੀਪ ਕੁਮਾਰ, ਲਖਵਿੰਦਰ ਸਿੰਘ ਲੱਕੀ, ਨਿਰਮਲਦੀਪ ਗੋਰਾ ਨੇ ਕੀਤੀ | ਉਨ੍ਹਾਂ ਦੱਸਿਆ ਕਿ ਟੀਮ ਨੇ ਚੰਗੀ ਕਾਰਗੁਜ਼ਾਰੀ ਕਰਦਿਆਂ ਵਿਰੋਧੀ ਜ਼ਿਲ੍ਹਿਆਂ ਨੂੰ ਪਛਾੜਦਿਆਂ ਖ਼ਿਤਾਬ ਆਪਣੇ ਨਾਮ ਕੀਤਾ | ਉਨ੍ਹਾਂ ਦੱਸਿਆ ਕਿ ਟੀਮ ‘ਚ ਸਾਰੇ ਪੀ.ਆਈ.ਐੱਸ. ਦੇ ਖਿਡਾਰੀਆਂ ਨੇ ਹਿੱਸਾ ਲਿਆ | ਪੀ.ਆਈ.ਐੱਸ. ਫੁੱਟਬਾਲ ਅਕੈਡਮੀ ਫਗਵਾੜਾ ਨੇ ਪਿਛਲੇ ਕੁੱਝ ਸਾਲਾਂ ‘ਚ ਪੰਜਾਬ ਨੂੰ ਕਈ ਹੋਣਹਾਰ ਖਿਡਾਰੀ ਦਿੱਤੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਅਧੀਨ ਚੱਲ ਰਹੀ ਇਸ ਅਕੈਡਮੀ ‘ਚ ਆਧੁਨਿਕ ਕੋਚਿੰਗ, ਸਰੀਰਕ ਤਿਆਰੀ ਤੇ ਤਕਨੀਕੀ ਸਿਖਲਾਈ ਕਾਰਨ ਨੌਜਵਾਨ ਖਿਡਾਰੀਆਂ ਦੀ ਖੇਡ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ | ਇਸ ਜਿੱਤ ਨਾਲ ਨਾ ਸਿਰਫ਼ ਜ਼ਿਲ੍ਹਾ ਕਪੂਰਥਲਾ ਦਾ ਨਾਮ ਰੌਸ਼ਨ ਹੋਇਆ ਹੈ, ਸਗੋਂ ਫਗਵਾੜਾ ਦੀ ਇਸ ਅਕੈਡਮੀ ਦੀ ਸੂਬੇ ‘ਚ ਇਕ ਵਾਰ ਫਿਰ ਵੱਖਰੀ ਪਛਾਣ ਬਣੀ ਹੈ |