ਕਪੂਰਥਲਾ, 23 ਜੁਲਾਈ (ਵਿ.ਪ੍ਰ.)- ਪੰਜਾਬ ਵਿਚ ਸਫ਼ਾਈ ਸੇਵਕ, ਮਨਰੇਗਾ ਮੁਲਾਜ਼ਮ, ਲਾਈਨਮੈਨ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰਜ਼ ਐਸੋਸੀਏਸ਼ਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ, ਪਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਦੇਣ ਵਿਚ ਨਾਕਾਮ ਰਹੀ ਹੈ | ਜਿਸ ਕਾਰਨ ਮੁਲਾਜ਼ਮ ਤੇ ਪੈਨਸ਼ਨਰਜ਼ ਵਰਗ ਵਿਚ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਖੋਜੇਵਾਲ ਸਾਬਕਾ ਪ੍ਰਧਾਨ ਭਾਜਪਾ ਜ਼ਿਲ੍ਹਾ ਕਪੂਰਥਲਾ ਨੇ ਇਕ ਬਿਆਨ ਵਿਚ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਬਰਨਾਲਾ ਵਿਚ ਪੁਲਿਸ ਵਲੋਂ ਸਫ਼ਾਈ ਸੇਵਕਾਂ ‘ਤੇ ਕੀਤੇ ਗਏ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਭਾਜਪਾ ਆਗੂ ਨੇ ਕਿਹਾ ਕਿ ਧਰਨੇ ਤੇ ਪ੍ਰਦਰਸ਼ਨਾਂ ਵਿਚੋਂ ਜਨਮੀ ‘ਆਪ’ ਸਰਕਾਰ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨ ਵਾਲੇ ਲੋਕਾਂ, ਸੰਘਰਸ਼ ਕਰ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ‘ਤੇ ਤਸ਼ੱਦਦ ਕਰਵਾ ਕੇ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਬਰਨਾਲਾ ਵਿਚ ਸਫ਼ਾਈ ਸੇਵਕਾਂ ‘ਤੇ ਕੀਤੇ ਗਏ ਤਸ਼ੱਦਦ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਇਸ ਘਟਨਾ ਵਿਚ ਜ਼ਖ਼ਮੀ ਹੋਏ ਮੁਲਾਜ਼ਮਾਂ ਦਾ ਸਰਕਾਰੀ ਖ਼ਰਚੇ ‘ਤੇ ਇਲਾਜ ਕਰਵਾਇਆ ਜਾਵੇ ਤੇ ਸਫ਼ਾਈ ਸੇਵਕਾਂ ਦੇ ਆਗੂਆਂ ਨਾਲ ਬਿਨ੍ਹਾਂ ਕਿਸੇ ਦੇਰੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੱਢਿਆ ਜਾਵੇ | ਉਨ੍ਹਾਂ ਸਫ਼ਾਈ ਸੇਵਕਾਂ ਨੂੰ ਭਾਜਪਾ ਵਲੋਂ ਉਨ੍ਹਾਂ ਦੇ ਸੰਘਰਸ਼ ਵਿਚ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ |