ਕਪੂਰਥਲਾ, 23 ਜੁਲਾਈ (ਸਡਾਨਾ)-ਨੀਟ ਪ੍ਰੀਖਿਆ ਲੀਕ ਹੋਣ ਤੋਂ ਬਾਅਦ ਦਿੱਲੀ ਦੇ ਜੰਤਰ ਮੰਤਰ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕਰ ਰਹੇ ਨੌਜਵਾਨ ਵਿਦਿਆਰਥੀਆਂ ਉੱਪਰ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਅਤੇ ਅੰਨ੍ਹੇ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਅੱਜ ਸ਼ਹਿਰ ਦੀਆਂ ਜਨਤਕ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਵਿਦਿਆਰਥੀਆਂ ਨੂੰ ਸਮਰਥਨ ਕਰਦੇ ਹੋਏ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਹਾਜ਼ਰ ਲੋਕਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਪੁਲਿਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਸਥਾਨਕ ਸ਼ਾਲੀਮਾਰ ਬਾਗ ਵਿਖੇ ਇਕੱਤਰ ਹੋਏ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਰੋਸ ਮਾਰਚ ਆਰੰਭ ਕਰਕੇ ਜਲੋਖਾਨਾ ਚੌਂਕ, ਸਦਰ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਂਕ, ਸਤਨਰਾਇਣ ਬਾਜ਼ਾਰ ਤੋਂ ਹੁੰਦੇ ਹੋਏ ਬੱਸ ਸਟੈਂਡ ਵਿਖੇ ਪਹੁੰਚ ਕੇ ਰੋਸ ਮਾਰਚ ਨੂੰ ਸਮਾਪਤ ਕੀਤਾ ਅਤੇ ਵਿਦਿਆਰਥੀਆਂ ਦੇ ਹੱਕ ਵਿਚ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਅਧਿਆਪਕ ਆਗੂ ਕੁਸ਼ਲ ਕੁਮਾਰ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਭੁੱਲਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਕੁਲਵੰਤ ਸਿੰਘ ਜੋਸਨ, ਭਾਰਤੀ ਕਿਸਾਨ ਯੂਨੀਅਨ ਬਾਗੀ ਦੇ ਗੁਰਦੀਪ ਸਿੰਘ ਭੰਡਾਲ, ਰੇਲ ਕੋਚ ਫ਼ੈਕਟਰੀ ਇੰਪਲਾਈਜ਼ ਯੂਨੀਅਨ ਦੇ ਆਗੂ ਸਰਵਜੀਤ ਸਿੰਘ, ਭਰਤ ਰਾਜ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਵਲੋਂ ਕੀਤੇ ਇਸ ਕਾਰੇ ਨੂੰ ਕਿਸੇ ਵੀ ਕੀਮਤੀ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਦਾ ਹੱਕ ਮੰਗਦੇ ਵਿਦਿਆਰਥੀਆਂ ‘ਤੇ ਡਾਂਗਾਂ ਚਲਾਉਣ ਵਾਲੀ ਸਰਕਾਰ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ ਅਤੇ ਸਰਕਾਰ ਤੇ ਉਸ ਦੀਆਂ ਏਜੰਸੀਆਂ ਸੁਚਾਰੂ ਰੂਪ ਵਿਚ ਮਿਆਰੀ ਟੈੱਸਟ ਕਰਵਾਉਣ ਵਿਚ ਅਸਫ਼ਲ ਸਾਬਿਤ ਹੋਈਆਂ ਹਨ ਤੇ ਹੁਣ ਡੰਡੇ ਦੇ ਜ਼ੋਰ ‘ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਇਸ ਰੋਸ ਮਾਰਚ ਦੌਰਾਨ ਹੋਰਨਾਂ ਤੋਂ ਇਲਾਵਾ ਇੰਜ. ਜੀਤ ਸਿੰਘ, ਪਰਮਜੀਤ ਸਿੰਘ, ਤਜਿੰਦਰ ਸਿੰਘ, ਜੋਗਾ ਸਿੰਘ ਅਟਵਾਲ, ਕਰਨੈਲ ਸਿੰਘ, ਰਮਨਦੀਪ ਕੌਰ, ਮਨਦੀਪ ਸਿੰਘ, ਰਣਜੀਤ ਸਿੰਘ, ਮਹਿੰਦਰਜੀਤ ਸਿੰਘ, ਅਵਤਾਰ ਸਿੰਘ ਗਿੱਲ, ਰਣਜੀਤ ਸਿੰਘ, ਸੁਨੀਸ਼ਾ ਸ਼ਰਮਾ, ਜਸਵਿੰਦਰਪਾਲ, ਮਾਸਟਰ ਹਰਨੇਕ ਸਿੰਘ, ਸੁਖਪਾਲ ਸਿੰਘ, ਅਵਤਾਰ ਸਿੰਘ ਗਿੱਲ, ਜਸਬੀਰ ਚੰਦ, ਪੁੰਨਣ ਸਿੰਘ, ਸਿੱਧੂ, ਸਰਵਜੀਤ ਸਿੰਘ, ਪ੍ਰਵੀਨ ਨਾਹਰ, ਸੌਰਵ ਨਾਹਰ, ਜੀਵਨਜੋਤ ਸਿੰਘ ਮੱਲੀ, ਅਨੀਤਾ ਕੁਮਾਰੀ, ਹਰਮਿੰਦਰ ਕੌਰ ਤੇ ਹੋਰ ਹਾਜ਼ਰ ਸਨ |