ਕਪੂਰਥਲਾ, 23 ਜੁਲਾਈ (ਅਮਰਜੀਤ ਕੋਮਲ)-ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ 2013 ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਨਵੇਂ ਰਾਸ਼ਨ ਕਾਰਡ ਜਾਰੀ ਕਰਨ ਤੇ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰਾਂ ਦੇ ਨਾਂਅ ਦਰਜ ਕਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਜੀਤ ਕੌਰ ਜ਼ਿਲ੍ਹਾ ਖ਼ੁਰਾਕ ਸਿਵਲ ਸਪਲਾਈ ਤੇ ਖ਼ਪਤਕਾਰ ਕੰਟਰੋਲਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਇਸ ਪਹਿਲਕਦਮੀ ਦਾ ਮੁੱਖ ਮਕਸਦ, ਪਾਰਦਰਸ਼ੀ, ਨਿਰਪੱਖ ਤੇ ਤਕਨਾਲੋਜੀ ਆਧਾਰਿਤ ਪ੍ਰਕਿਰਿਆ ਰਾਹੀਂ ਸਾਰੇ ਯੋਗ ਪਰਿਵਾਰਾਂ ਅਤੇ ਲਾਭਪਾਤਰੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਨਵੇਂ ਰਾਸ਼ਨ ਕਾਰਡ ਜਾਰੀ ਕਰਨ ਤੇ ਮੈਂਬਰਾਂ ਦੇ ਨਾਂਅ ਦਰਜ ਕਰਨ ਲਈ ਅਰਜ਼ੀ ਫਾਰਮ ਪੰਜਾਬੀ ਤੇ ਅੰਗਰੇਜੀ ਦੋਵਾਂ ਭਾਸ਼ਾਵਾਂ ਵਿਚ ਵਿਭਾਗ ਦੀ ਵੈੱਬਸਾਈਟ foodsuppb.gov.in ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਸਾਰੇ ਬਿਨੈਕਾਰਾਂ ਨੂੰ ਫਾਰਮ ਭਰਨ ਤੋਂ ਪਹਿਲਾਂ ਹਦਾਇਤਾਂ ਨੂੰ ਧਿਆਨ ਨਾਲ ਭਰਨ ਤੇ ਪੂਰੇ ਭਰੇ ਹੋਏ ਫਾਰਮ ਨੂੰ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਨੇੜਲੇ ਸੇਵਾ ਕੇਂਦਰ ਜਾਂ ਕਾਮਨ ਸਰਵਿਸ ਸੈਂਟਰ ਰਾਹੀਂ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਤੇ ਸੀ.ਐਸ.ਸੀ. ਰਾਹੀਂ ਜਮ੍ਹਾ ਕਰਵਾਈਆਂ ਗਈਆਂ ਅਰਜ਼ੀਆਂ ਲਈ 100 ਰੁਪਏ ਪ੍ਰਤੀ ਅਰਜ਼ੀ ਪ੍ਰੋਸੈਸਿੰਗ ਫੀਸ ਲਈ ਜਾਵੇਗੀ | ਜਸਜੀਤ ਕੌਰ ਨੇ ਦੱਸਿਆ ਕਿ ਬਿਨੈਕਾਰ 22 ਜੁਲਾਈ ਤੋਂ ਆਪਣੀ ਅਰਜ਼ੀ ercms.punjab.gov.in ਪੋਰਟਲ ਰਾਹੀਂ ਜਮ੍ਹਾ ਕਰਵਾ ਸਕਦੇ ਹਨ ਤੇ ਇਸ ਪੋਰਟਲ ਰਾਹੀਂ ਸਿੱਧੇ ਤੌਰ ‘ਤੇ ਜਮ੍ਹਾ ਕਰਵਾਈਆਂ ਅਰਜ਼ੀਆਂ ਲਈ ਕੋਈ ਫੀਸ ਨਹੀਂ ਲਈ ਜਾਵੇਗੀ | ਜ਼ਿਲ੍ਹਾ ਖ਼ੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਕੰਟਰੋਲਰ ਨੇ ਦੱਸਿਆ ਕਿ ਬਿਨੈਕਾਰ ਆਪਣੀ ਅਰਜ਼ੀ ਲੋੜੀਂਦੇ ਦਸਤਾਵੇਜ਼ਾਂ ਅਤੇ 100 ਰੁਪਏ ਪ੍ਰਤੀ ਅਰਜ਼ੀ ਸਮੇਤ ਵਿਭਾਗ ਦੇ ਦਫ਼ਤਰ ਵਿਚ ਵੀ ਜਮ੍ਹਾ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਲਈ ਅਰਜ਼ੀਆਂ 11 ਅਗਸਤ ਤੱਕ ਸਾਰੇ ਕੰਮ ਕਾਜ ਵਾਲੇ ਦਿਨਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਮ੍ਹਾ ਕਰਵਾਈਆਂ ਜਾ ਸਕਣੀਆਂ | ਜਸਜੀਤ ਕੌਰ ਨੇ ਦੱਸਿਆ ਕਿ ਲੋਕ ਇਸ ਸਬੰਧੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਜਾਂ ਨਜ਼ਦੀਕੀ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ਨਾਲ ਵੀ ਸੰਪਰਕ ਕਰ ਸਕਦੇ ਹਨ |