ਭੋਗ ’ਤੇ ਵਿਸ਼ੇਸ਼ ਮਾਤਾ ਮਨਜੀਤ ਕੌਰ ਸੰਧੂ
ਸੁਲਤਾਨਪੁਰ ਲੋਧੀ-ਕਰਨੀ ਤੇ ਕਥਨੀ ਦੇ ਧਾਰਨੀ ਮਾਤਾ ਮਨਜੀਤ ਕੌਰ ਦਾ ਜਨਮ ਸੰਨ 1951 ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਸੁਨਮਾ (ਮੱਲਾਂਵਾਲਾ) ਵਿਖੇ ਕਿਸਾਨ ਪਰਿਵਾਰ ਵਿਚ ਹੋਇਆ | ਬਚਪਨ ਤੋਂ ਹੀ ਧਾਰਮਿਕ ਖ਼ਿਆਲਾਂ ਨਾਲ ਜੁੜੇ ਬੀਬੀ ਮਨਜੀਤ ਕੌਰ ਦਾ ਵਿਆਹ 1980 ਵਿਚ ਪਿੰਡ ਆਹਲੀ ਕਲਾਂ ਦੇ ਸੰਧੂ ਪਰਿਵਾਰ ਦੇ ਜਸਵੰਤ ਸਿੰਘ ਨਾਲ ਹੋਇਆ | ਇਲਾਕੇ ਦੇ ਵੱਡੇ ਕਿਸਾਨ ਪਰਿਵਾਰ ਵਿਚ ਵਿਆਹੇ ਜਾਣ ਤੋਂ ਬਾਅਦ ਬੀਬੀ ਮਨਜੀਤ ਕੌਰ ਨੇ ਆਪਣੀ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦਿਆਂ ਸਾਂਝੇ ਪਰਿਵਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ | ਆਪ ਦੇ ਘਰ ਦੋ ਬੇਟੇ ਰਸ਼ਪਾਲ ਸਿੰਘ ਸੰਧੂ, ਚਮਕੌਰ ਸਿੰਘ ਸੰਧੂ ਅਤੇ ਤਿੰਨ ਬੇਟੀਆਂ ਨੇ ਜਨਮ ਲਿਆ | ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਦੇ ਨਾਲ ਨਾਲ ਧਾਰਮਿਕ ਤੌਰ ਤੇ ਪਰਪੱਕ ਕੀਤਾ, ਜਿਸ ਦੀ ਬਦੌਲਤ ਅੱਜ ਸੰਧੂ ਪਰਿਵਾਰ ਇਲਾਕੇ ਵਿਚ ਲੋਕਾਂ ਦੀ ਸੇਵਾ ਕਰ ਰਿਹਾ ਹੈ | ਮਾਤਾ ਮਨਜੀਤ ਕੌਰ ਦੇ ਸਪੁੱਤਰਾਂ ਨੇ ਸਖ਼ਤ ਮਿਹਨਤ ਕਰਦਿਆਂ ਭਾਰੀ ਮਿਹਨਤ ਕਰਦਿਆਂ ਮੰਡ ਇਲਾਕੇ ਵਿਚ ਜ਼ਮੀਨ ਨੂੰ ਆਬਾਦ ਕੀਤਾ | ਪਿੰਡ ਆਹਲੀ ਕਲਾਂ ਦਰਿਆ ਬਿਆਸ ਦੇ ਨੇੜੇ ਵਸਿਆ ਹੋਣ ਕਰਕੇ ਹਰ ਸਾਲ ਹੀ ਹੜ੍ਹਾਂ ਦੀ ਮਾਰ ਪੈਂਦੀ ਸੀ ਅਤੇ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਸਨ, ਪਰ ਮਾਤਾ ਮਨਜੀਤ ਕੌਰ ਨੇ ਸਮੁੱਚੇ ਪਰਿਵਾਰ ਨੂੰ ਹਮੇਸ਼ਾ ਹੀ ਮਿਹਨਤ ਲਈ ਪ੍ਰੇਰਿਤ ਕੀਤਾ, ਜਿਸ ਦੀ ਬਦੌਲਤ ਅੱਜ ਸੰਧੂ ਪਰਿਵਾਰ ਨੇ ਕਿਸਾਨੀ ਦੇ ਨਾਲ਼ ਨਾਲ਼ ਕਾਰੋਬਾਰ ਅਤੇ ਹਲਕੇ ਦੀ ਸਿਆਸਤ ਵਿਚ ਵੀ ਵੱਡਾ ਨਾਂ ਸਥਾਪਿਤ ਕੀਤਾ ਹੈ | ਜਦੋਂ ਵੀ ਇਲਾਕੇ ਅੰਦਰ ਹੜ੍ਹ ਜਾਂ ਕੋਈ ਹੋਰ ਕੁਦਰਤੀ ਆਫ਼ਤ ਆਉਂਦੀ ਹੈ, ਸੰਧੂ ਪਰਿਵਾਰ ਸੇਵਾ ਕਰਨ ਵਿਚ ਮੋਹਰੀ ਰੋਲ ਅਦਾ ਕਰਦਾ ਹੈ | ਸੰਧੂ ਪਰਿਵਾਰ ਦੇ ਸ਼ਮਿੰਦਰਪਾਲ ਸਿੰਘ ਜਿੱਥੇ ਪਿੰਡ ਆਹਲੀ ਕਲਾਂ ਦੀ ਸਰਪੰਚੀ ਵਜੋਂ ਸੇਵਾ ਕਰ ਰਹੇ ਹਨ, ਉੱਥੇ ਹੀ ਜਥੇਦਾਰ ਗੁਰਜੰਟ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਬਣ ਕੇ ਇਲਾਕੇ ਦੀ ਸੇਵਾ ਕਰ ਰਹੇ ਹਨ | ਮਾਤਾ ਮਨਜੀਤ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 25 ਅਗਸਤ ਨੂੰ ਉਨ੍ਹਾਂ ਦੇ ਪਿੰਡ ਆਹਲੀ ਕਲਾਂ ਵਿਖੇ ਗੁਰਦੁਆਰਾ ਬਾਬਾ ਬਿਧੀਚੰਦ ਵਿਖੇ 11. 30 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਕਰਵਾਏ ਜਾਣਗੇ | -ਥਿੰਦ