ਮੁਲਾਜ਼ਮਾਂ ਦੀ ਹੜਤਾਲ ਦੌਰਾਨ ਨਹੀਂ ਹੋਣਗੇ ਬਾਜ਼ਾਰ ਬੰਦ-ਮਹਾਜਨ, ਅਰੋੜਾ
ਕਪੂਰਥਲਾ, 25 ਅਗਸਤ (ਸਡਾਨਾ)-ਵਪਾਰ ਮੰਡਲ ਦੀ ਵਿਸ਼ੇਸ਼ ਮੀਟਿੰਗ ਸਥਾਨਕ ਮਣੀ ਮਹੇਸ਼ ਮੰਦਿਰ ਵਿਖੇ ਜ਼ਿਲ੍ਹਾ ਪ੍ਰਧਾਨ ਯਸ਼ ਮਹਾਜਨਾ ਤੇ ਸ਼ਹਿਰੀ ਪ੍ਰਧਾਨ ਵਿਕਰਮ ਅਰੋੜਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਅੰਦਰ ਦੁਕਾਨਦਾਰਾਂ ਨੇ ਹਿੱਸਾ ਲਿਆ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮ ਅਰੋੜਾ ਤੇ ਇੰਦਰਪਾਲ ਸਿੰਘ ਭਾਟੀਆ ਨੇ ਦੱਸਿਆ ਕਿ ਆਏ ਦਿਨ ਹੜਤਾਲ ਤੇ ਬੰਦ ਕਾਰਨ ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦੇ ਵਾਪਰ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਇੱਕੋ ਹਫ਼ਤੇ ਵਿਚ ਦੋ ਵਾਰ ਹੜਤਾਲ ਕਾਰਨ ਦੁਕਾਨਾਂ ਬੰਦ ਰੱਖਣੀਆਂ ਪਈਆਂ ਤੇ ਹੁਣ ਫਿਰ ਦੋ ਦਿਨ ਪਹਿਲਾਂ ਬਾਜ਼ਾਰ ਬੰਦ ਰਹੇ | ਵਿਕਰਮ ਅਰੋੜਾ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਕਾਰਨ ਬਾਜ਼ਾਰ ਬੰਦ ਹੋਣ ਨਾਲ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਜਥੇਬੰਦੀ ਨੇ ਬੰਦ ਦਾ ਸੱਦਾ ਦੇਣਾ ਹੋਵੇ ਤਾਂ ਉਹ ਪਹਿਲਾਂ ਵਪਾਰ ਮੰਡਲ ਨਾਲ ਇਸ ਸਬੰਧੀ ਮੀਟਿੰਗ ਕਰੇ | ਉਸ ਉਪਰੰਤ ਬੰਦ ਦਾ ਸੱਦਾ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ 27 ਅਗਸਤ ਨੂੰ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਹੈ, ਜਿਸ ਕਾਰਨ ਬਾਜ਼ਾਰਾਂ ‘ਤੇ ਕੋਈ ਅਸਰ ਨਹੀਂ ਪਵੇਗਾ ਤੇ ਬਾਜ਼ਾਰ ਆਮ ਵਾਂਗ ਖੁੱਲਣਗੇ | ਜਦਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਿਰਫ਼ ਦਫ਼ਤਰੀ ਕੰਮ ਹੀ ਪ੍ਰਭਾਵਿਤ ਹੋਣਗੇ | ਮੀਟਿੰਗ ਮੌਕੇ ਹੋਰਨਾਂ ਤੋਂ ਇਲਾਵਾ ਧਰਮਵੀਰ ਬੌਵੀ, ਵਪਾਰ ਮੰਡਲ ਦੇ ਉਪ ਪ੍ਰਧਾਨ ਨਰੇਸ਼ ਸੂਜੋਕਾਲੀਆ, ਇੰਦਰਪਾਲ ਸਿੰਘ ਭਾਟੀਆ, ਸੰਜੀਵ ਬਜਾਜ, ਵਿਨੇ ਜੈਨ, ਨਰੋਤਮ ਸ਼ਰਮਾ, ਨਰੇਸ਼ ਕਾਲੀਆ, ਤਰੁਨ ਅਰੋੜਾ, ਅਸ਼ੋਕ ਅਰੋੜਾ, ਵਿਨੋਦ ਕੁਮਾਰ ਤੇ ਹੋਰ ਹਾਜ਼ਰ ਸਨ |