ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਤੇ ਜੁਆਇੰਟ ਸਕੱਤਰ ਦੀ ਚੋਣ 11 ਨੂੰ
ਕਪੂਰਥਲਾ, 8 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਤੇ ਜੁਆਇੰਟ ਸਕੱਤਰ ਦੀ 11 ਸਤੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਹੋਣ ਵਾਲੀ ਚੋਣ ’ਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਉਮੀਦਵਾਰਾਂ ਵਲੋਂ ਬਾਰ ਦੇ ਮੈਂਬਰਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ | ਬੀਤੇ ਦਿਨੀਂ ਬਾਰ ਦੇ ਉਪ ਪ੍ਰਧਾਨ ਐਡਵੋਕੇਟ ਡੇਵਿਡ ਜੌਨ, ਜੂਨੀਅਰ ਉਪ ਪ੍ਰਧਾਨ ਸੁਮਿਤ ਸਹੋਤਾ, ਕਾਰਜਕਾਰੀ ਮੈਂਬਰ ਐਡਵੋਕੇਟ ਸਾਹਿਲ ਚੋਪੜਾ, ਐਡਵੋਕੇਟ ਅੰਕੁਰਪ੍ਰੀਤ ਸਿੰਘ, ਐਡਵੋਕੇਟ ਕਮਲਪ੍ਰੀਤ ਕੌਰ, ਐਡਵੋਕੇਟ ਮਨਪ੍ਰੀਤ ਕੌਰ ਤੇ ਐਡਵੋਕੇਟ ਸਿਮਰਨਜੀਤ ਕੌਰ ਨੂੰ ਰਿਟਰਨਿੰਗ ਅਫ਼ਸਰ ਐਡਵੋਕੇਟ ਹਮੀਸ਼ ਕੁਮਾਰ ਵਲੋਂ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਸਮੇਂ ਬਾਰ ਦੇ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਰਘਬੀਰਪਾਲ ਸਿੰਘ ਬਾਜਵਾ ਤੇ ਐਡਵੋਕੇਟ ਨਿਤਿਨ ਸ਼ਰਮਾ, ਉਪ ਪ੍ਰਧਾਨ (ਰਿਜ਼ਰਵ ਔਰਤਾਂ) ਐਡਵੋਕੇਟ ਦੀਪਿਕਾ ਸ਼ੀਤਲ ਤੇ ਐਡਵੋਕੇਟ ਹਰਪ੍ਰੀਤ ਕੌਰ ਬੱਗਾ, ਜਨਰਲ ਸਕੱਤਰ ਲਈ ਐਡਵੋਕੇਟ ਮਨਪ੍ਰੀਤ ਵਾਲੀਆ ਤੇ ਐਡਵੋਕੇਟ ਨਵੀਨ ਕਪੂਰ, ਜੁਆਇੰਟ ਸਕੱਤਰ (ਰਿਜ਼ਰਵ ਔਰਤਾਂ) ਲਈ ਐਡਵੋਕੇਟ ਵਿਵੇਕਾ ਜਾਖੂ ਤੇ ਐਡਵੋਕੇਟ ਕੋਮਲ ਕੁਮਾਰੀ ਸਿੰਘ ਚੋਣ ਮੈਦਾਨ ਵਿਚ ਹਨ ਤੇ ਇਨ੍ਹਾਂ ਚਾਰੇ ਅਹੁਦਿਆਂ ਦੀ ਚੋਣ ਲੜ੍ਹ ਰਹੇ ਉਮੀਦਵਾਰਾਂ ਦਰਮਿਆਨ ਸਿੱਧੇ ਮੁਕਾਬਲੇ ਹਨ | ਇਨ੍ਹਾਂ ਉਮੀਦਵਾਰਾਂ ਵਲੋਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਬਾਰ ਦੇ ਮੈਂਬਰਾਂ ਨਾਲ ਨਿਰੰਤਰ ਸੰਪਰਕ ਕੀਤਾ ਜਾ ਰਿਹਾ ਹੈ | ਇੱਥੇ ਵਰਨਣਯੋਗ ਹੈ ਕਿ 11 ਸਤੰਬਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹੋਣ ਵਾਲੀ ਚੋਣ ਵਿਚ ਬਾਰ ਦੇ 353 ਮੈਂਬਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ | ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਇਸੇ ਦਿਨ ਹੀ ਨਤੀਜੇ ਦਾ ਐਲਾਨ ਕੀਤਾ ਜਾਵੇਗਾ |