ਮਾਤਾ ਸੁਲੱਖਣੀ ਜੀ ਯਾਦਗਾਰੀ ਗੇਟ ਨੇੜੇ ਗੰਦਗੀ ਦੇ ਲੱਗੇ ਢੇਰ
ਸੁਲਤਾਨਪੁਰ ਲੋਧੀ, 14 ਸਤੰਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਤੇ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ ਤੋਂ 16 ਸਤੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਤੋਂ ਬਟਾਲਾ ਲਈ ਰਵਾਨਾ ਹੋਣ ਵਾਲੇ ਬਰਾਤ ਰੂਪੀ ਮਹਾਨ ਨਗਰ ਕੀਰਤਨ ਦੇ ਰੂਟ ‘ਤੇ ਮਾਤਾ ਸੁਲੱਖਣੀ ਜੀ ਯਾਦਗਾਰੀ ਗੇਟ, ਤਲਵੰਡੀ ਰੋਡ ਨੇੜੇ ਲੱਗੇ ਗੰਦਗੀ ਅਤੇ ਕੁੜੇ ਦੇ ਢੇਰਾਂ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਨਗਰ ਕੀਰਤਨ ਤੋਂ ਪਹਿਲਾਂ ਜੇਕਰ ਇਸ ਸਥਾਨ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਦੇਸ਼-ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਨੂੰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਨੇ ਪੈ ਸਕਦੇ ਹਨ | ਬਾਬਾ ਜ਼ੋਰਾਵਰ ਸਿੰਘ–ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਖ਼ਾਲਸਾ ਅਤੇ ਹਰਜਿੰਦਰ ਸਿੰਘ ਨੇ ਪੰਜਾਬ ਸਰਕਾਰ, ਨਗਰ ਕੌਂਸਲ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਗਰ ਕੀਰਤਨ ਦੇ ਰਵਾਨਾ ਹੋਣ ਤੋਂ ਪਹਿਲਾਂ ਮਾਤਾ ਸੁਲੱਖਣੀ ਜੀ ਯਾਦਗਾਰੀ ਗੇਟ ਨੇੜੇ ਪਏ ਗੰਦਗੀ ਦੇ ਢੇਰ ਤੁਰੰਤ ਚੁਕਵਾਏ ਜਾਣ ਅਤੇ ਪੂਰੇ ਇਲਾਕੇ ਦੀ ਸਫ਼ਾਈ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇਹ ਸਥਾਨ ਧਾਰਮਿਕ ਅਤੇ ਇਤਿਹਾਸਕ ਪੱਖੋਂ ਬਹੁਤ ਮਹੱਤਵਪੂਰਨ ਹੈ, ਪਰ ਇਸ ਦੇ ਬਿਲਕੁਲ ਨੇੜੇ ਗੰਦਗੀ ਦੇ ਢੇਰ ਲੱਗੇ ਹੋਣ ਕਾਰਨ ਭਿਆਨਕ ਬਦਬੂ ਫੈਲ ਰਹੀ ਹੈ ਅਤੇ ਇੱਥੇ ਕੁਝ ਸਮਾਂ ਖੜ੍ਹਨਾ ਵੀ ਮੁਸ਼ਕਲ ਹੋ ਜਾਂਦਾ ਹੈ | ਨਗਰ ਕੀਰਤਨ ਦੇ ਰੂਟ ‘ਤੇ ਗੇਟ ਦੇ ਨੇੜੇ ਖ਼ਾਲਸਾ ਮਾਰਬਲ ਹਾਊਸ ਸੁਲਤਾਨਪੁਰ ਲੋਧੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਲਈ ਮਠਿਆਈਆਂ, ਚਾਹ ਅਤੇ ਪਕੌੜਿਆਂ ਦਾ ਵਿਸ਼ਾਲ ਲੰਗਰ ਵੀ ਲਗਾਇਆ ਜਾਵੇਗਾ | ਜਥੇਦਾਰ ਭੁਪਿੰਦਰ ਸਿੰਘ ਖ਼ਾਲਸਾ ਨੇ ਮੰਗ ਕੀਤੀ ਕਿ ਮਾਤਾ ਸੁਲੱਖਣੀ ਜੀ ਯਾਦਗਾਰੀ ਗੇਟ ਦੇ ਨੇੜੇ ਮੁੱਖ ਸੜਕ ਦੇ ਕਿਨਾਰੇ ਸੁੱਟੇ ਗਏ ਕੁੜੇ ਅਤੇ ਗੰਦਗੀ ਦੇ ਢੇਰ ਤੁਰੰਤ ਚੁਕਵਾਏ ਜਾਣ | ਇਸ ਤੋਂ ਇਲਾਵਾ ਇਲਾਕੇ ਵਿਚ ਮੱਛਰ ਮਾਰ ਦਵਾਈ ਦਾ ਛਿੜਕਾਅ, ਫੌਗਿੰਗ ਅਤੇ ਲੋੜੀਂਦੀ ਸੈਨੇਟਰੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸੇ ਦੌਰਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਮੈਨੇਜਰ ਅਵਤਾਰ ਸਿੰਘ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਵਿੱਤਰ ਸ਼ਹਿਰ ਦੀਆਂ ਨਗਰ ਕੀਰਤਨ ਦੇ ਲਾਂਘੇ ਵਾਲੀਆਂ ਸੜਕਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ |