ਖ਼ਾਲਸਾਈ ਜਾਹੋ-ਜਲਾਲ ਨਾਲ ਫਗਵਾੜਾ ਪੁੱਜਾ ਮੀਰੀ ਪੀਰੀ ਖ਼ਾਲਸਾ ਮਾਰਚ
ਫਗਵਾੜਾ, 18 ਮਾਰਚ (ਅਸ਼ੋਕ ਕੁਮਾਰ ਵਾਲੀਆ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਏ ਤੀਜੇ ਪੜਾਅ ਅੱਜ ਫਗਵਾੜਾ ਪੁੱਜਣ ਤੇ ਸ਼ਹਿਰ ਅਤੇ ਇਲਾਕੇ ਦੀਆਂ ਸਿੱਖ ਸੰਗਤ ਵੱਲੋਂ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਧਾਰਮਿਕ ਬੁਲਾਰਿਆਂ ਨੇ ਕਿਹਾ ਕਿ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਮੁੱਖ ਉਦੇਸ਼ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ | ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਗੁਰੂ ਵਾਲੇ ਬਣੋ ਅਤੇ ਖੰਡੇ ਬਾਟੇ ਦਾ ਅੰਮਿ੍ਤ ਛਕੋ ਅਤੇ ਸੰਗਤਾਂ ਨੂੰ ਪੰਜ ਕਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਫਗਵਾੜਾ ਸ਼ਹਿਰ ਪੂਰੀ ਤਰ੍ਹਾਂ ਖਾਲਸਾਈ ਰੰਗ ਵਿੱਚ ਰੰਗਿਆ ਗਿਆ | ਇਸ ਮੌਕੇ ਤੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ, ਸੁਖਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੀਰੀ ਪੀਰੀ ਖ਼ਾਲਸਾ ਮਾਰਚ ਸਿੱਖੀ ਨੂੰ ਪ੍ਰਫੁੱਲਿਤ ਕਰਨ ਵਿਚ ਵੱਡਾ ਮੀਲ ਪੱਧਰ ਸਾਬਿਤ ਹੋਵੇਗਾ | ਉਨ੍ਹਾਂ ਨੇ ਦੱਸਿਆ ਕਿ ਇਹ ਮਾਰਚ 9 ਦਿਨਾਂ ਦਾ ਦੁਆਬਾ ਅਤੇ ਮਾਝਾ ਦਾ ਪੈਂਡਾ ਤੈਅ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ 25 ਸਤੰਬਰ ਨੂੰ ਸਮਾਪਤ ਹੋਵੇਗਾ | ਮੀਰੀ ਪੀਰੀ ਖ਼ਾਲਸਾ ਮਾਰਚ ਦਾ ਫਗਵਾੜਾ ਮੇਹਲੀ ਬਾਈਪਾਸ ਦੀ ਸਿੱਖ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਜਿੱਥੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਵੱਲੋਂ ਦੁਪਹਿਰ ਤੋਂ ਹੀ ਮੇਹਲੀ ਬਾਈਪਾਸ ਦੇ ਰਾਗੀ ਢਾਡੀ ਅਤੇ ਕਵੀਸ਼ਰ ਸੰਗਤਾਂ ਨੂੰ ਨਾਮਬਾਣੀ ਨਾਲ ਜੋੜ ਰਹੇ ਸਨ | ਮੀਰੀ ਪੀਰੀ ਖ਼ਾਲਸਾ ਮਾਰਚ ਮੇਹਲੀ ਬਾਈਪਾਸ ਤੋਂ ਹੁੰਦਾ ਹੋਇਆ ਬੰਗਾ ਰੋਡ, ਵਿਸ਼ਵਕਰਮਾ ਮੰਦਰ, ਬਸਰਾ ਪੈਲੇਸ, ਗਾਂਧੀ ਚੌਂਕ, ਗੌਲ ਚੌਂਕ, ਸੈਂਟਰਲ ਟਾਊਨ ਚੌਂਕ, ਗੁਰੂ ਹਰਗੋਬਿੰਦ ਨਗਰ, ਬੰਗਾ ਰੋਡ, ਬਸਰਾ ਪੈਲੇਸ, ਗੁਰੂ ਹਰਿਕ੍ਰਿਸ਼ਨ ਨਗਰ, ਵਰਿੰਦਰ ਪਾਰਕ, ਬਾਬਾ ਫ਼ਤਿਹ ਸਿੰਘ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਰਾਤਰੀ ਦੇ ਵਿਸ਼ਰਾਮ ਲਈ ਪੁੱਜਾ | ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੀਰੀ ਪੀਰੀ ਖ਼ਾਲਸਾ ਮਾਰਚ 19 ਸਤੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋ ਕੇ ਗੌਂਸਪੁਰ ਬਾਈਪਾਸ, ਹੁਸ਼ਿਆਰਪੁਰ ਚੌਕ, ਖੁਰਮਪੁਰ, ਅੱਡਾ ਸ੍ਰੀ ਹਰਗੋਬਿੰਦਗੜ੍ਹ ਭੋਗਪੁਰ, ਰਾਵਲਪਿੰਡੀ, ਰਿਹਾਣਾ ਜੱਟਾ, ਮੇਹਟੀਆਣਾ ਹੁੰਦਾ ਹੋਇਆ ਵਾਇਆ ਕਾਲਰਾ, ਨਿਰਮਲ ਕੁਟੀਆ ਜੌਹਲਾ ਰਾਮਾ ਮੰਡੀ ਪੁੱਜੇਗਾ | ਫਗਵਾੜਾ ਵਿਖੇ ਮੀਰੀ ਪੀਰੀ ਖ਼ਾਲਸਾ ਮਾਰਚ ਦੀ ਸੰਗਤ ਲਈ ਥਾਂ-ਥਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਧਰਮਿੰਦਰ ਕੁਮਾਰ ਟੋਨੀ, ਧਾਰਮਿਕ ਆਗੂ ਗੁਰਦੀਪ ਸਿੰਘ ਖੇੜਾ, ਬਿੰਦਰ ਸਿੰਘ ਰਾਵਲਪਿੰਡੀ, ਰਣਜੀਤ ਸਿੰਘ ਜੀਤੀ, ਜਸਵਿੰਦਰ ਸਿੰਘ ਭਗਤਪੁਰਾ, ਕੁਲਵਿੰਦਰ ਸਿੰਘ ਕਿੰਦਾ, ਅੰਮਿ੍ਤਪਾਲ ਸਿੰਘ ਖੁਰਮਪੁਰ, ਜਤਿੰਦਰਪਾਲ ਸਿੰਘ ਪਲਾਹੀ, ਜਸਵੀਰ ਸਿੰਘ ਭੁੱਲਾਰਾਈ, ਪਤਵਿੰਦਰ ਸਿੰਘ ਛਾਬੜਾ, ਇੰਦਰਜੀਤ ਸਿੰਘ ਬਸਰਾ, ਸਰੂਪ ਸਿੰਘ ਖਲਵਾੜਾ, ਬਹਾਦਰ ਸਿੰਘ ਸੰਗਤਪੁਰ, ਜਸਵੀਰ ਸਿੰਘ ਟਿੱਬੀ, ਹਰਵਿੰਦਰ ਸਿੰਘ ਵਾਲੀਆ, ਸਤਵੀਰ ਸਿੰਘ ਵਾਲੀਆ, ਰਿੰਪੀ ਕਿੰਨੜਾ, ਮੋਹਨ ਸਿੰਘ ਗਾਧੀ, ਬਲਜੀਤ ਸਿੰਘ ਵਾਲੀਆ, ਸੁਖਦੀਪ ਸਿੰਘ ਵਾਲੀਆ, ਸੁਰਿੰਦਰ ਸਿੰਘ ਦਰਵੇਸ਼ ਪਿੰਡ, ਪ੍ਰਚਾਰਕ ਜਸਵਿੰਦਰ ਸਿੰਘ ਛਾਪਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |