ਸਿਵਲ ਹਸਪਤਾਲ ’ਚੋਂ ਮੋਟਰਸਾਈਕਲ ਚੋਰੀ
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)- ਸਿਵਲ ਹਸਪਤਾਲ ‘ਚ ਮਰੀਜ਼ ਦੀ ਖ਼ਬਰ ਲੈਣ ਆਏ ਵਿਅਕਤੀ ਦੀ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਦਿੰਦਿਆਂ ਪਿੰਡ ਘੁੰਮਣਾ ਦੇ ਬਲਿਹਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਿਵਲ ਹਸਪਤਾਲ ਆਏ ਸਨ | ਮੋਟਰਸਾਈਕਲ ਹਸਪਤਾਲ ਦੇ ਬਾਹਰ ਖੜ੍ਹਾ ਕਰਕੇ ਉਹ ਅੰਦਰ ਚਲੇ ਗਏ | ਕੁੱਝ ਸਮੇਂ ਬਾਅਦ ਜਦੋਂ ਉਹ ਵਾਪਸ ਬਾਹਰ ਆਏ ਤਾਂ ਮੋਟਰਸਾਈਕਲ ਉੱਥੋਂ ਗਾਇਬ ਸੀ | ਆਸ ਪਾਸ ਭਾਲ ਕਰਨ ਤੋਂ ਬਾਅਦ ਵੀ ਜਦੋਂ ਮੋਟਰਸਾਈਕਲ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਚੋਰੀ ਹੋਣ ਦਾ ਪਤਾ ਲੱਗਾ | ਬਲਿਹਾਰ ਸਿੰਘ ਮੁਤਾਬਿਕ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੀੜਤ ਨੇ ਪ੍ਰਸ਼ਾਸਨ ਅਤੇ ਪੁਲਿਸ ਕੋਲ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਮੋਟਰਸਾਈਕਲ ਚੋਰੀ ਕਰਨ ਵਾਲਿਆਂ ਦੀ ਪਛਾਣ ਕੀਤੀ ਜਾਵੇ ਅਤੇ ਉਸਦਾ ਮੋਟਰਸਾਈਕਲ ਬਰਾਮਦ ਕਰਵਾਇਆ ਜਾਵੇ |
ਅਜੀਤ ਡੈਸਕ
20-09-2026