ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਵਿਚਾਰ-ਚਰਚਾ
ਜਲੰਧਰ, 26 ਸਤੰਬਰ (ਐੱਮ. ਐੱਸ.
ਜਲੰਧਰ, 26 ਸਤੰਬਰ (ਐੱਮ.ਐੱਸ. ਲੋਹੀਆ)-ਦੇਸ਼ ਭਗਤ ਯਾਦਗਾਰ ਹਾਲ ’ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ‘ਲੋਕਾਈ ਅਤੇ ਇਤਿਹਾਸ ਦਾ ਸੰਜੋਗ - ਭਗਤ ਸਿੰਘ ਦੇ ਮਾਰਕਸਵਾਦੀ ਤਰੀਕਾਕਾਰ ਦੀ ਬਣਤਰ’ ਵਿਸ਼ੇ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਮੁੱਖ ਵਕਤਾ ਸੁਮੇਲ ਸਿੰਘ ਸਿੱਧੂ ਨੇ ਪਾਸ਼ ਦੀ ਕਵਿਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ, ‘ਤੁਹਾਡੇ ਅੰਗ-ਸੰਗ ਤੁਹਾਡੇ ਸ਼ਹੀਦ ਤੁਹਾਡੇ ਤੋਂ ਕੁੱਝ ਆਸ ਕਰਦੇ ਹਨ’ ਸਤਰਾਂ ਨੂੰ ਸਰਸਰੀ ਨਜ਼ਰੇ ਪੜ੍ਹਕੇ ਲੰਘ ਜਾਣਾ ਅਜੋਕੇ ਸਮਿਆਂ ਦਾ ਹਾਣੀ ਨਹੀਂ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਮਾਜਕ ਤਬਦੀਲੀ ਲਈ ਵਿਸ਼ਾਲ ਅਤੇ ਮਜ਼ਬੂਤ ਲੋਕ ਲਹਿਰ ਉਸਾਰਨ ਦੀ ਲੋੜ ’ਤੇ ਜ਼ੋਰ ਦਿੰਦਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਵੀ ਇਸ ਮੌਕੇ ਵਿਚਾਰ-ਚਰਚਾ ’ਚ ਸਾਰਥਕ ਯੋਗਦਾਨ ਪਾਇਆ । ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਮੂਹ ਹਾਜ਼ਰੀਨ ਵਲੋਂ ਸੁਮੇਲ ਸਿੰਘ ਸਿੱਧੂ ਨੂੰ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਦਾ ਚਿੰਨ੍ਹ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੌਹਲ, ਕਮੇਟੀ ਮੈਂਬਰ ਪਰਗਟ ਸਿੰਘ ਜਾਮਾਰਾਏ, ਹਰਵਿੰਦਰ ਭੰਡਾਲ, ਚਰੰਜੀ ਲਾਲ ਕੰਗਣੀਵਾਲ, ਪ੍ਰੋ. ਤੇਜਿੰਦਰ ਵਿਰਲੀ, ਡਾ. ਸੈਲੇਸ਼, ਹਰਮੇਸ਼ ਮਾਲੜੀ, ਮਨਜੀਤ ਸਿੰਘ ਬਾਸਰਕੇ, ਦੇਵਰਾਜ ਨਯੀਅਰ, ਪ੍ਰੋ. ਜਗਵਿੰਦਰ ਜੋਧਾ, ਡਾ. ਸੁਖਵਿੰਦਰ ਸੰਘਾ, ਕਿਸਾਨ ਆਗੂ ਮਨੋਹਰ ਸਿੰਘ ਗਿੱਲ ਵੀ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵਲੋਂ ਕੀਤਾ ਗਿਆ।