ਫਗਵਾਡ਼ਾ ਦੇ ਕਰੋਡ਼ਾਂ ਰੁਪਏ ਦੇ ਵਿਕਾਸ ਕਾਰਜ 10 ਦਸੰਬਰ ਤੱਕ ਮੁਕੰਮਲ ਕਰਨ ਦੇ ਨਿਰਦੇਸ਼
ਫਗਵਾਡ਼ਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਹਿਰ ’ਚ ਚੱਲ ਰਹੇ ਕਰੋਡ਼ਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ 10 ਦਸੰਬਰ ਤੱਕ ਮੁਕੰਮਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਫਗਵਾਡ਼ਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਹਿਰ ’ਚ ਚੱਲ ਰਹੇ ਕਰੋਡ਼ਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ 10 ਦਸੰਬਰ ਤੱਕ ਮੁਕੰਮਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕੁੱਝ ਪ੍ਰੋਜੈਕਟਾਂ ਦੀ ਸੁਸਤ ਰਫ਼ਤਾਰ ’ਤੇ ਚਿੰਤਾ ਪ੍ਰਗਟਾਉਂਦਿਆਂ ਕੰਮਾਂ ਵਿਚ ਤੇਜ਼ੀ ਲਿਆਉਣ ਤੇ ਗੁਣਵੱਤਾ ਯਕੀਨੀ ਬਣਾਉਣ ਲਈ ਕਿਹਾ। ਇਸ ਸਬੰਧੀ ਹੋਈ ਮੀਟਿੰਗ ’ਚ ਮੇਅਰ ਰਾਮਪਾਲ ਉੱਪਲ, ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਤੇ ਏ.ਡੀ.ਸੀ. ਰਣਦੀਪ ਸਿੰਘ ਹੀਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਡਾ. ਚੱਬੇਵਾਲ ਨੇ ਕਿਹਾ ਕਿ ਗਲੀਆਂ-ਨਾਲੀਆਂ, ਸਡ਼ਕਾਂ, ਸਟਰੀਟ ਲਾਈਟਾਂ, ਛੱਪਡ਼ਾਂ ਦੀ ਸਫ਼ਾਈ, ਆਂਗਣਵਾਡ਼ੀ ਕੇਂਦਰਾਂ ਤੇ ਸਿਹਤ ਕੇਂਦਰਾਂ ਨਾਲ ਸਬੰਧਿਤ ਕੰਮ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤੇ ਜਾਣ। ਉਨ੍ਹਾਂ ਦੱਸਿਆ ਕਿ 10 ਦਸੰਬਰ ਤੱਕ ਫਗਵਾਡ਼ਾ ਦੇ ਲੋਕਾਂ ਨੂੰ ਛੇ ਤੋਂ ਵੱਧ ਨਵੇਂ ਖੇਡ ਮੈਦਾਨ ਸਮਰਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਨਵੇਂ ਆਮ ਆਦਮੀ ਕਲੀਨਿਕਾਂ ਦਾ ਕੰਮ ਵੀ ਅੰਤਿਮ ਪਡ਼੍ਹਾਅ ’ਤੇ ਹੈ। ਉਨ੍ਹਾਂ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਕੌਮੀ ਮਾਰਗ ਦੇ ਨੁਕਸਾਨੇ ਹਿੱਸਿਆਂ ਦੀ ਮੁਰੰਮਤ ਕਰਨ ਅਤੇ ਸਟਰੀਟ ਲਾਈਟਾਂ ਚਾਲੂ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਨਿਰਧਾਰਿਤ ਸਮੇਂ ਅੰਦਰ ਵਿਕਾਸ ਕਾਰਜ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।