ਜੰਡਿਆਲਾ ਗੁਰੂ, (ਅੰਮ੍ਰਿਤਸਰ), 25 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)- ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਐਡਵੋਕੇਟ ਲਖਵਿੰਦਰ ਸਿੰਘ ’ਤੇ ਤਿੰਨ ਵਿਅਕਤੀਆਂ ਵਲੋਂ ਗੋਲੀਬਾਰੀ ਕਰਕੇ ਗੰਭੀਰ ਫੱਟੜ ਕਰ ਦਿੱਤਾ ਗਿਆ ਸੀ, ਦੇ ਸੰਬੰਧ ਵਿਚ ਪੁਲਿਸ ਨੇ ਇਕ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਇਸ ਸੰਬੰਧੀ ਅੱਜ ਐਸ. ਪੀ. ਅਦਿੱਤਿਆ ਵਾਰੀਅਰ ਆਈ. ਪੀ. ਐਸ. ਨੇ ਥਾਣਾ ਜੰਡਿਆਲਾ ਗੁਰੂ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਐਡਵੋਕੇਟ ਲਖਵਿੰਦਰ ਸਿੰਘ ’ਤੇ ਜੋ 21 ਜੁਲਾਈ ਨੂੰ ਸਵੇਰੇ 9 ਵਜੇ ਦੇ ਲਗਭਗ ਤਿੰਨ ਵਿਅਕਤੀਆਂ ਵਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਉਸ ਨੂੰ ਗੰਭੀਰ ਫੱਟੜ ਕਰ ਦਿੱਤਾ ਗਿਆ ਸੀ, ਦੇ ਸੰਬੰਧ ਵਿਚ ਪੁਲਿਸ ਨੇ ਇਕ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਬੀ-ਡਵੀਜ਼ਨ ਅੰਮ੍ਰਿਤਸਰ ਕਮਿਸ਼ਨਰੇਟ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਪੰਜ ਛੇ ਦੋਸ਼ੀ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਸੰਬੰਧ ਵਿਚ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਐਸ. ਪੀ. ਅਦਿੱਤਿਆ ਵਾਰੀਅਰ ਨੇ ਦੱਸਿਆ ਕਿ ਐਡਵੋਕੇਟ ਲਖਵਿੰਦਰ ਸਿੰਘ ’ਤੇ ਕੀਤਾ ਗਿਆ ਹਮਲਾ ਨਿੱਜੀ ਰੰਜਿਸ਼ ਦਾ ਮਾਮਲਾ ਹੈ ਅਤੇ ਇਸ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਵਿਚ, ਜੋ ਵੀ ਤੱਥ ਸਾਹਮਣੇ ਆਏ, ਉਸ ਅਨੁਸਾਰ ਹੋਰ ਵੀ ਕਾਰਵਾਈ ਕੀਤੀ ਜਾਵੇਗੀ ।
ਉਨ੍ਹਾਂ ਦੱਸਿਆ ਕਿ ਸੀ. ਸੀ. ਟੀ.ਵੀ. ਕੈਮਰਿਆਂ ਨੂੰ ਵੇਖਿਆ ਗਿਆ ਹੈ ਅਤੇ ਪੁਲਿਸ ਦੀ ਸਖ਼ਤ ਮਿਹਨਤ ਨਾਲ ਇਹ ਕੇਸ ਨੂੰ ਹੱਲ ਕੀਤਾ ਗਿਆ ਹੈ। ਜੰਡਿਆਲਾ ਗੁਰੂ ਵਿਚ ਹੁੰਦੀਆਂ ਲਗਾਤਾਰ ਵਾਰਦਾਤਾਂ ਵੱਲ ਧਿਆਨ ਦਿਵਾਉਣ ’ਤੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਆਪਣੇ ਕੰਮ ਵਿਚ ਮੁਸ਼ਤੈਦੀ ਨਾਲ ਲੱਗੀ ਹੋਈ ਹੈ ਅਤੇ ਮਾੜੇ ਅਨਸਰਾਂ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾਵੇਗੀ ।