ਹਰਿਦੁਆਰ, 27 ਜੁਲਾਈ - ਉਤਰਾਖੰਡ ਦੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿਚ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਗਦੜ ਵਿਚ 6 ਲੋਕਾਂ ਦੀ ਮੌਤ ਹੋ ਗਈ। ਗੜ੍ਹਵਾਲ ਡਿਵੀਜ਼ਨ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੈਂ ਮੌਕੇ ਲਈ ਰਵਾਨਾ ਹੋ ਰਿਹਾ ਹਾਂ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕੀਤਾ, "ਐਸਡੀਆਰਐਫ, ਸਥਾਨਕ ਪੁਲਿਸ ਅਤੇ ਹੋਰ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਰੁੱਝੀਆਂ ਹੋਈਆਂ ਹਨ। ਮੈਂ ਇਸ ਮਾਮਲੇ ਸੰਬੰਧੀ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿਚ ਹਾਂ, ਅਤੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ..."।
ਐਸਐਸਪੀ ਪ੍ਰਮੇਂਦਰ ਸਿੰਘ ਡੋਬਲ ਕਹਿੰਦੇ ਹਨ, "ਸਾਨੂੰ ਕੁਝ ਲੋਕਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਮਿਲੀਆਂ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਲਗਭਗ 35 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਅਤੇ 6 ਦੀ ਮੌਤ ਦੀ ਪੁਸ਼ਟੀ ਹੋਈ ਹੈ। ਬਾਕੀਆਂ ਦਾ ਇਲਾਜ ਚੱਲ ਰਿਹਾ ਹੈ... ਪਹਿਲੀ ਨਜ਼ਰੇ, ਭਗਦੜ ਮੰਦਰ ਦੇ ਰਸਤੇ ਤੋਂ 100 ਮੀਟਰ ਹੇਠਾਂ ਪੌੜੀਆਂ 'ਤੇ ਬਿਜਲੀ ਦੇ ਝਟਕੇ ਦੀ ਅਫਵਾਹ ਕਾਰਨ ਹੋਈ ਸੀ। ਅਸੀਂ ਹੋਰ ਜਾਂਚ ਕਰ ਰਹੇ ਹਾਂ..."।