04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਪੰਜਾਬੀ ਯੂਨੀਵਰਸਿਟੀ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨਕੋਸ਼ ਦੀ ਬੇਅਦਬੀ ਅਤਿ ਨਿੰਦਣਯੋਗ- ਜਥੇਦਾਰ ਗੜਗੱਜ

ਅੰਮ੍ਰਿਤਸਰ, 29 ਅਗਸਤ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ...

Ad Position 21
repet_subhas-goyals [Copy P29]
ਅਜੀਤ ਡੈਸਕ 29-08-2025

ਅੰਮ੍ਰਿਤਸਰ, 29 ਅਗਸਤ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਦੀ ਕੀਤੀ ਗਈ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਕਾਰਵਾਈ ਨੂੰ ਅਤਿ ਨਿੰਦਣਯੋਗ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਸਿੱਖਾਂ ਦੀ ਅਤਿ ਅਹਿਮ ਵਿਰਾਸਤ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਹਵਾਲੇ ਵੀ ਦਿੱਤੇ ਗਏ ਹਨ ਅਤੇ ਇਸ ਤੋਂ ਪੁਰਾਤਨ ਇਤਿਹਾਸ ਤੇ ਸਰੋਤਾਂ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਸਾਹਿਤ ਦਾ ਇਕ ਅਨਮੋਲ ਖ਼ਜ਼ਾਨਾ ਹੈ, ਜੋ ਕਿ ਸਿੱਖ ਇਤਿਹਾਸ ਦੀ ਖੋਜ ਵਿਚ ਦਿਲਚਲਪੀ ਰੱਖਣ ਵਾਲੇ ਖੋਜਾਰਥੀਆਂ ਨੂੰ ਅੱਜ ਵੀ ਸੇਧ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਬੀਤੇ ਸਮੇਂ ਤਰੁੱਟੀਆਂ ਸਮੇਤ ਮਹਾਨਕੋਸ਼ ਪ੍ਰਕਾਸ਼ਿਤ ਕੀਤੇ ਗਏ ਸਨ, ਜਿਸ ਦਾ ਸਿੱਖ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਨੇ ਸਖ਼ਤ ਵਿਰੋਧ ਕੀਤਾ ਸੀ ਅਤੇ ਇਹ ਮਾਮਲਾ ਪੰਜਾਬ ਹਰਿਆਣਾ ਉੱਚ ਅਦਾਲਤ ਵਿਚ ਪਹੁੰਚਣ ਤੋਂ ਬਾਅਦ ਇਸ ’ਤੇ ਰੋਕ ਲੱਗੀ ਸੀ। ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਤਰੁੱਟੀਆਂ ਨਾਲ ਪ੍ਰਕਾਸ਼ਿਤ ਕੀਤੇ ਸਿੱਖ ਸਾਹਿਤ ਦੀ ਸਸਕਾਰ ਸੇਵਾ ਕਰਨੀ ਸੀ ਤਾਂ ਇਸ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰਕੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਸਨ ਨਾ ਕਿ ਸਿੱਖ ਰਵਾਇਤ ਤੇ ਮਰਯਾਦਾ ਦੇ ਉਲਟ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਪਹਿਲਾਂ ਆਪ-ਹੁਦਰੀ ਕਾਰਵਾਈ ਕਰਦਿਆਂ ਸਿੱਖ ਸਾਹਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਨੂੰ ਸਿੱਖ ਵਿਦਵਾਨਾਂ ਦੇ ਵਿਰੋਧ ਦੇ ਬਾਵਜੂਦ ਇਸ ਨੂੰ ਤਰੁੱਟੀਆਂ ਸਮੇਤ ਪ੍ਰਕਾਸ਼ਿਤ ਕੀਤਾ ਅਤੇ ਹੁਣ ਆਪਣੀ ਕੀਤੀਆਂ ਗਲਤੀਆਂ ਉੱਤੇ ਪਰਦਾ ਪਾਉਣ ਲਈ ਬਹੁਤ ਹੀ ਇਤਰਾਜ਼ਯੋਗ ਤਰੀਕਾ ਵਰਤਿਆ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਯੂਨੀਵਰਸਿਟੀ ਅਧਿਕਾਰੀਆਂ ਦੀ ਬੌਧਿਕ ਸਮਝ ਅਤੇ ਉਨ੍ਹਾਂ ਦੀ ਸਿੱਖ ਵਿਰਾਸਤ ਤੇ ਸਾਹਿਤ ਪ੍ਰਤੀ ਘੱਟ ਸੂਝ ਨੂੰ ਦਰਸਾਉਂਸੀ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿਚ ਡਾ. ਗੰਡਾ ਸਿੰਘ ਪੰਜਾਬੀ ਰੈਫ਼ਰੈਂਸ ਲਾਇਬਰੇਰੀ ਵਿਖੇ ਵੀ ਦੁਰਲੱਭ ਤੇ ਅਤਿ ਅਹਿਮ ਸਿੱਖ ਸਾਹਿਤ ਦੀ ਸੇਵਾ ਸੰਭਾਲ ਠੀਕ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸਿੱਖਾਂ ਨੂੰ ਇਸ ਗੱਲ ਦੀ ਗਹਿਰੀ ਚਿੰਤਾ ਹੈ ਕਿ ਜਿਹੜੇ ਮਹਾਨ ਸਿੱਖ ਵਿਦਵਾਨਾਂ ਦੀ ਨਿੱਜੀ ਲਾਇਬਰੇਰੀਆਂ ਦਾ ਸੰਗ੍ਰਹਿ ਯੂਨੀਵਰਸਿਟੀ ਦੇ ਪਾਸ ਸੁਰੱਖਿਅਤ ਹੈ ਕੀ ਉਨ੍ਹਾਂ ਦੀ ਸੇਵਾ ਸੰਭਾਲ ਠੀਕ ਹੋ ਰਹੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਰੈਫ਼ਰੈਂਸ ਲਾਇਬਰੇਰੀ ਵਿਚ ਸਿੱਖ ਵਿਦਵਾਨਾਂ ਤੇ ਚਿੰਤਕਾਂ ਦੀਆਂ ਦੁਰਲੱਭ ਪੁਸਤਕਾਂ ਤੇ ਦਸਤਾਵੇਜ਼ਾਂ ਦੀ ਸਾਂਭ-ਸੰਭਾਲ ਲਈ ਵੀ ਖ਼ਾਸ ਅਤੇ ਢੁਕਵਾਂ ਪ੍ਰਬੰਧ ਨਹੀਂ ਹੈ, ਕਾਫ਼ੀ ਵਿਰਾਸਤ ਇਥੋਂ ਜਾਂ ਤਾਂ ਚੋਰੀ ਹੋਈ ਹੈ ਜਾਂ ਫਿਰ ਰੱਦੀ ਵਿਚ ਵੇਚ ਦਿੱਤੀ ਗਈ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਸਪੱਸ਼ਟ ਕਰਨ ਲਈ ਆਖਿਆ ਕਿ ਇਨ੍ਹਾਂ ਕੋਲ ਲਾਇਬਰੇਰੀ ਵਿਚ ਮੌਜੂਦ ਪੁਰਾਤਨ ਤੇ ਇਤਿਹਾਸਕ ਸਿੱਖ ਹੱਥ-ਲਿਖਤਾਂ, ਗ੍ਰੰਥਾਂ ਤੇ ਦੁਰਲੱਭ ਪੁਸਤਕਾਂ ਦੀ ਸਾਂਭ-ਸੰਭਾਲ ਲਈ ਕੀ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਾਣਕਾਰੀ ਵੀ ਪ੍ਰਾਪਤ ਹੋ ਰਹੀ ਹੈ ਕਿ ਲਾਇਬਰੇਰੀ ਦਾ ਹਾਲ ਚੰਗਾ ਨਹੀਂ।

ਜਥੇਦਾਰ ਗੜਗੱਜ ਨੇ ਕਿ ਕਿਹਾ ਕਿ ਮਹਾਨਕੋਸ਼ ਦੀ ਬੇਅਦਬੀ ਦੇ ਮਾਮਲੇ ਵਿਚ ਸਿੱਖ ਵਿਦਿਆਰਥੀਆਂ ਅਤੇ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ ਤੇ ਪਬਲੀਕੇਸ਼ਨ ਬਿਊਰੋ ਦੇ ਮੁਖੀ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਪੰਜਾਬ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣੀ ਯਕੀਨੀ ਬਣਾਵੇ। ਉਨ੍ਹਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੁੱਖ ਗ੍ਰੰਥੀ ਨੂੰ ਆਦੇਸ਼ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਜਿਥੇ ਇਹ ਗਲਤ ਕਾਰਵਾਈ ਕੀਤੀ ਗਈ ਹੈ, ਉੱਥੇ ਮੌਜੂਦ ਮਹਾਨਕੋਸ਼ ਦੀਆਂ ਸਾਰੀਆਂ ਕਾਪੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲੈ ਕੇ ਢੁਕਵੀਂ ਥਾਂ ਉੱਤੇ ਸਸਕਾਰ ਸੇਵਾ ਆਪਣੀ ਨਿਗਰਾਨੀ ਵਿਚ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਸਕਾਰ ਸੇਵਾ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਇਸ ਦੀ ਸਮੁੱਚੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੁਰੰਤ ਹੀ ਭੇਜੀ ਜਾਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਯੂਨੀਵਰਸਿਟੀ ਕੈਂਪਸ ਵਿਚ ਮੌਜੂਦ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਘਟਨਾ ਦੇ ਪਸ਼ਤਾਚਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਕੇ ਗੁਰੂ ਸਾਹਿਬ ਜੀ ਤੋਂ ਖਿਮਾ ਜਾਚਨਾ ਅਤੇ ਅਰਦਾਸ ਬੇਨਤੀ ਕਰਨ ਦੀ ਤਾਕੀਦ ਕੀਤੀ। ਜਥੇਦਾਰ ਗੜਗੱਜ ਨੇ ਸਮੂਹ ਸਿੱਖ ਜਥੇਬੰਦੀਆਂ ਤੇ ਵਿਦਿਆਰਥੀਆਂ ਨੂੰ ਸ਼ਾਂਤਮਈ ਰਹਿਣ ਦੀ ਅਪੀਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਸਰਕਾਰ ਨੇ ਗੁ: ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਆਏ ਹੜ੍ਹਾਂ ਦੀਆਂ ਡਰੋਨ ਰਾਹੀਂ ਤਸਵੀਰਾਂ ਕੀਤੀਆਂ ਜਾਰ... ਅਗਲੀ ਖ਼ਬਰ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਹੋਇਆ ਘੱਟ
Ad Position 24