ਖੇਮਕਰਨ, (ਤਰਨਤਾਰਨ), 29 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਸਰਹੱਦੀ ਖੇਤਰ ’ਚ ਕੰਡਿਆਲੀ ਤਾਰ ਦੇ ਨਾਲ ਨਾਲ ਪਾਕਿਸਤਾਨ ਤਰਫ਼ੋ ਸਤਲੁਜ ਦਰਿਆ ’ਤੇ ਕਸੂਰੀ ਨਾਲੇ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਪਿੰਡਾਂ ਮਹਿੰਦੀਪੁਰ ਤੇ ਮੀਆਵਾਲਾ ਕੋਲ ਬਣਿਆ ਹੋਇਆ ਧੁੱਸੀ ਬੰਨ੍ਹ, ਜਿਹੜਾ ਕੱਲ੍ਹ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਟੁੱਟ ਗਿਆ ਸੀ, ਉਸ ਬੰਨ੍ਹ ਨੂੰ ਕੁਝ ਹੱਦ ਤੱਕ ਸੰਗਤਾਂ ਮੁੜ ਬੰਨਣ ’ਚ ਦੇਰ ਰਾਤ ਕਾਮਯਾਬ ਹੋ ਗਈਆਂ ਹਨ। ਕੱਲ੍ਹ ਜਿਵੇਂ ਹੀ ਬੰਨ੍ਹ ਟੁੱਟਿਆ ਇਲਾਕੇ ਦੀਆਂ ਸੰਗਤਾਂ ਤੇ ਬੀ. ਐਸ. ਐਫ਼ ਜਵਾਨਾਂ ਨੇ ਵੀ ਬੜੀ ਜੱਦੋ ਜਹਿਦ ਕੀਤੀ। ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਤੁਰੰਤ ਸਾਰਾ ਸਰਕਾਰੀ ਅਮਲਾ ਲੈ ਕੇ ਮੌਕੇ ’ਤੇ ਪੁੱਜੇ ਤੇ ਗਹਿਰੀ ਰਾਤ ਤੱਕ ਬੰਨ੍ਹ ਬੰਨ੍ਹਣ ਤੱਕ ਮੌਕੇ ’ਤੇ ਸੰਗਤਾਂ ਤੇ ਪਾਰਟੀ ਵਰਕਰਾਂ ਨਾਲ ਡਟੇ ਰਹੇ। ਜ਼ਿਲ੍ਹੇ ਦੇ ਐਸ. ਐਸ. ਪੀ. ਦੀਪਕ ਪਾਰਿਕ ਤੇ ਬੀ. ਐਸ. ਐਫ਼. ਦੇ ਡੀ. ਆਈ. ਜੀ. ਫ਼ਿਰੋਜ਼ਪੁਰ ਨੇ ਬੰਨ੍ਹ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਲਾਕੇ ਦੀਆਂ ਸੰਗਤਾਂ ਵਲੋਂ ਬੰਨ੍ਹ ਦੀ ਮਜ਼ਬੂਤੀ ਲਈ ਯਤਨ ਅੱਜ ਵੀ ਜਾਰੀ ਹਨ ਪਰ ਪਾਣੀ ਦਾ ਪੱਧਰ ਹੋਰ ਵੱਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ’ਚ ਬੇਚੈਨੀ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਬਰਸਾਤ ਹੋਣ ਦਾ ਡਰ ਵੀ ਸਤਾ ਰਿਹਾ ਹੈ। ਜੇਕਰ ਬਰਸਾਤ ਆ ਗਈ ਤਾਂ ਬੰਨ੍ਹ ਦੀ ਹਾਲਤ ਖ਼ਰਾਬ ਹੋਣ ਦਾ ਖਦਸ਼ਾ ਹੈ।
ਤਾਜ਼ਾ ਖ਼ਬਰਾਂ
Free
ਸਰਹੱਦੀ ਖੇਤਰ ’ਚ ਕੱਲ੍ਹ ਟੁੱਟੇ ਬੰਨ੍ਹ ਨੂੰ ਬੰਨਣ ’ਚ ਲੋਕ ਹੋਏ ਕਾਮਯਾਬ, ਪਾਣੀ ਦਾ ਪੱਧਰ ਹੋਰ ਵਧਿਆ
ਖੇਮਕਰਨ, (ਤਰਨਤਾਰਨ), 29 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਸਰਹੱਦੀ ਖੇਤਰ ’ਚ ਕੰਡਿਆਲੀ ਤਾਰ ਦੇ ਨਾਲ ਨਾਲ ਪਾਕਿਸਤਾਨ ਤਰਫ਼ੋ ਸਤਲੁਜ ਦਰਿਆ ’ਤੇ ਕਸੂਰੀ ਨਾਲੇ ਦੇ ਪਾਣੀ ਦੀ ਮਾਰ ....
ਅਜੀਤ ਡੈਸਕ
29-08-2025