ਪਟਨਾ, 29 ਅਗਸਤ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਵਿਚ ਵਿਰੋਧੀ ਗਠਜੋੜ ਦੇ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਂ ਵਿਰੁੱਧ ਕਥਿਤ ਤੌਰ ’ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੀ ਘਟਨਾ ਦੀ ਨਿੰਦਾ ਕੀਤੀ। ਸ਼ਾਹ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪਣੀ ‘ਘੁਸਪੈਠੀਏ ਬਚਾਓ ਯਾਤਰਾ’ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਬਹੁਤ ਹੀ ਨਿੰਦਣਯੋਗ ਕੰਮ ਕੀਤਾ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ। ਹਰ ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋ ਦਿਨ ਪਹਿਲਾਂ ਜੋ ਹੋਇਆ ਉਸ ਨੇ ਸਾਰਿਆਂ ਨੂੰ ਦੁਖੀ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੇ ਇਕ ਗਰੀਬ ਘਰ ਵਿਚ ਜ਼ਿੰਦਗੀ ਬਤੀਤ ਕੀਤੀ, ਆਪਣੇ ਬੱਚਿਆਂ ਨੂੰ ਕਦਰਾਂ-ਕੀਮਤਾਂ ਨਾਲ ਪਾਲਿਆ ਅਤੇ ਆਪਣੇ ਪੁੱਤਰ ਨੂੰ ਇਕ ਭਰੋਸੇਯੋਗ ਨੇਤਾ ਬਣਾਇਆ। ਭਾਰਤ ਦੇ ਲੋਕ ਉਨ੍ਹਾਂ ਲਈ ਅਜਿਹੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਰਾਜਨੀਤਕ ਜੀਵਨ ਵਿਚ ਇਸ ਤੋਂ ਵੱਡਾ ਪਤਨ ਹੋਰ ਕੋਈ ਨਹੀਂ ਹੋ ਸਕਦਾ ਅਤੇ ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਉਨ੍ਹਾਂ ਕੋਲ ਥੋੜ੍ਹੀ ਜਿਹੀ ਵੀ ਸ਼ਰਮ ਬਚੀ ਹੈ, ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ, ਉਨ੍ਹਾਂ ਦੀ ਸਵਰਗੀ ਮਾਂ ਅਤੇ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪਰਮਾਤਮਾ ਸਾਰਿਆਂ ਨੂੰ ਬੁੱਧੀ ਦੇਵੇ।