ਸੰਗਰੂਰ, 29 ਅਗਸਤ (ਧੀਰਜ ਪਸ਼ੋਰੀਆ)-ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਅਤੇ ਚਾਰੇ ਦੇ 5 ਟਰੱਕ ਦਿੜ੍ਹਬਾ ਤੇ ਸੰਗਰੂਰ ਤੋਂ ਵਿੱਤ ਮੰਤਰੀ ਸ. ਚੀਮਾ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ ਲੈ ਕੇ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਨੇ ਇਸ ਰਾਹਤ ਸਮੱਗਰੀ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਦਾ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਵਲੋਂ ਧੰਨਵਾਦ ਵੀ ਕੀਤਾ। ਫਿਰੋਜ਼ਪੁਰ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਸ. ਸੋਹੀ ਨੇ ਕਿਹਾ ਕਿ ਜਿਥੇ ਪੰਜਾਬ ਸਰਕਾਰ ਤੇ ਸਮੁੱਚਾ ਪ੍ਰਸ਼ਾਸਨ ਦਿਨ-ਰਾਤ ਇਕ ਕਰੇ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ, ਉਥੇ ਇਸ ਮੁਸ਼ਕਿਲ ਦੀ ਘੜੀ ਵਿਚ ਆਮ ਲੋਕਾਂ ਨੂੰ ਵੀ ਅੱਗੇ ਵੱਧ ਕੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਹੜ੍ਹ ਪੀੜਤਾਂ ਦੀਆਂ ਦਿੱਕਤਾਂ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਹਾਲਾਤ ਮੁੜ ਪਹਿਲਾਂ ਵਾਂਗ ਸੁਖਾਵੇਂ ਹੋ ਜਾਣ ਤੇ ਜਿਨ੍ਹਾਂ ਲੋਕਾਂ ਦੇ ਘਰ ਛੁੱਟ ਗਏ ਹਨ, ਉਹ ਮੁੜ ਰਾਜ਼ੀ ਖੁਸ਼ੀ ਆਪਣੇ ਘਰਾਂ ਵਿਚ ਵੱਸਣ। ਸ. ਸੋਹੀ ਨੇ ਕਿਹਾ ਕਿ ਪੰਜਾਬੀ ਤਾਂ ਪੂਰੀ ਦੁਨੀਆ ਵਿਚ, ਜਿਥੇ ਵੀ ਕਿਤੇ ਆਫਤ ਆਵੇ, ਉਥੇ ਮਦਦ ਕਰਨ ਲਈ ਪੁੱਜ ਜਾਂਦੇ ਹਨ ਤੇ ਆਪਣੀ ਸੇਵਾ ਭਾਵਨਾ ਕਰਕੇ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਹਨ ਤਾਂ ਅੱਜ ਜਦੋਂ ਪੰਜਾਬ ਦੀ ਧਰਤੀ ਉੱਤੇ ਹੀ ਕੁਦਰਤੀ ਆਫਤ ਕਾਰਨ ਪੰਜਾਬੀਆਂ ਨੂੰ ਮਦਦ ਦੀ ਲੋੜ ਹੈ ਤਾਂ ਹਰ ਇਕ ਨੂੰ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਸ. ਸੋਹੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਪੱਧਰ ਉੱਤੇ ਕੋਈ ਕਮੀ ਨਹੀਂ ਛੱਡੀ ਜਾ ਰਹੀ। ਦਿੜ੍ਹਬਾ ਅਤੇ ਸੰਗਰੂਰ ਤੋਂ ਰਾਹਤ ਸਮੱਗਰੀ ਭੇਜਣ ਹਿੱਤ ਸ. ਸੋਹੀ ਵਲੋਂ 'ਆਪ' ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਗਲਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਸੰਗਰੂਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਸਮੇਤ ਵੱਖ-ਵੱਖ ਅਹੁਦੇਦਾਰਾਂ ਤੇ ਪਤਵੰਤਿਆਂ ਦਾ ਉਚੇਚੇ ਤੌਰ ਉੱਤੇ ਧੰਨਵਾਦ ਵੀ ਕੀਤਾ ਗਿਆ।