ਕਪੂਰਥਲਾ, 23 ਸਤੰਬਰ (ਅਮਨਜੋਤ ਸਿੰਘ ਵਾਲੀਆ)- ਸਿਹਤ ਵਿਭਾਗ ਵਿਚ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਉਕਤ ਹੜਤਾਲ ਦਾ ਕਾਰਨ ਕਰਮਚਾਰੀਆਂ ਦੀ 2 ਮਹੀਨੇ ਦੀ ਤਨਖਾਹ ਜਾਰੀ ਨਾ ਹੋਣਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ ਨੇ ਦੱਸਿਆ ਕਿ ਇਕ ਤਾਂ ਕਰਮਚਾਰੀ ਪਹਿਲਾਂ ਹੀ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ ਉਪਰੋਂ ਸਰਕਾਰ ਵਲੋਂ 2 ਮਹੀਨੇ ਦਾ ਸਮਾਂ ਲੰਘ ਜਾਣ ਦੇ
ਬਾਵਜੂਦ ਕਰਮਚਾਰੀਆਂ ਦੀ ਤਨਖ਼ਾਹ ਜਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਚਾਹੇ ਕੋਰੋਨਾ ਹੋਵੇ, ਚਾਹੇ ਹੜ੍ਹ ਹੋਣ ਜਾਂ ਹੋਰ ਕੋਈ ਆਪਦਾ ਹਰ ਸਮੇਂ ਲੋਕਹਿਤ ਲਈ ਦਿਨ ਰਾਤ ਕੰਮ ਕਰਦੇ ਹਨ ਪਰ ਸਰਕਾਰ ਹਮੇਸ਼ਾ ਹੀ ਉਨ੍ਹਾਂ ਨਾਲ ਮਤਰੇਆ ਸਲੂਕ ਕਰਦੀ ਹੈ।
ਦੂਸਰੇ ਪਾਸੇ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਸਾਰੇ ਕਰਮਚਾਰੀ ਆਰਥਿਕ ਤੰਗੀ ਝੇਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਤੋਂ ਉਮੀਦ ਤਾਂ ਦਿਨ ਰਾਤ ਕੰਮ ਕਰਾਉਣ ਦੀ ਕਰਦੀ ਹੈ ਪਰ ਜਦੋਂ ਸਾਡੇ ਹੱਕਾਂ ਦੀ ਵਾਰੀ ਆਉਂਦੀ ਹੈ ਤਾਂ ਮੂੰਹ ਫੇਰ ਲੈਂਦੀ ਹੈ।
ਸ਼ਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਵਲੋਂ ਮਮਤਾ ਦਿਵਸ ਦਾ ਬਾਈਕਾਟ ਕੀਤਾ ਜਾਏਗਾ, ਜੋ ਵਾਧੂ ਕੰਮ ਉਨ੍ਹਾਂ ਨੂੰ ਮਿਲੇ ਹਨ, ਇਹ ਬਿਲਕੁਲ ਨਹੀਂ ਕੀਤੇ ਜਾਣਗੇ ਤੇ ਆਨਲਾਈਨ ਐਂਟਰੀਆ ਦਾ ਕੰਮ ਵੀ ਬੰਦ ਕੀਤਾ ਜਾਏਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਜਲਦ ਤੋਂ ਜਲਦ ਉਨ੍ਹਾਂ ਦੀ 2 ਮਹੀਨੇ ਦੀ ਤਨਖਾਹ ਜਾਰੀ ਕੀਤੀ ਜਾਏ ਨਹੀਂ ਤਾਂ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੀ ਡਿਊਟੀ ਦਾ ਬਾਈਕਾਟ ਕਰਨ ਨੂੰ ਮਜ਼ਬੂਰ ਹੋਣਗੇ, ਜਿਸ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਦੀ ਹੀ ਹੋਵੇਗੀ। ਇਸ ਤੋਂ ਇਲਾਵਾ ਸਿਹਤ ਵਿਭਾਗ ਵਿਚ ਏ. ਜੀ. ਓ. ਅਧੀਨ ਕੰਮ ਕਰਦੇ ਕਰਮਚਾਰੀਆਂ ਵਲੋਂ ਵੀ 2 ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ ਕੀਤਾ ਗਿਆ।