ਮਜੀਠਾ, 23 ਸਤੰਬਰ (ਜਗਤਾਰ ਸਿੰਘ ਸਹਿਮੀ)-ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ਉਤੇ ਮਜ਼ਬੂਤ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਸੰਗਠਨ ਸਿਰਜਨ ਅਭਿਆਨ ਦੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਪਾਰਟੀ ਹਾਈਕਮਾਂਡ ਨੇ ਜ਼ਿੰਮੇਵਾਰੀ ਸੌਂਪਦਿਆਂ ਸਾਬਕਾ ਕੇਂਦਰੀ ਮੰਤਰੀ ਸੀ.ਪੀ. ਜੋਸ਼ੀ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਸ ਮੌਕੇ ਮਜੀਠਾ ਹਲਕੇ ਦੇ ਪ੍ਰਮੁੱਖ ਕਾਂਗਰਸੀ ਆਗੂ ਅਤੇ ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ।
ਇਸ ਸਬੰਧੀ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਉਨ੍ਹਾਂ ਨੇ ਸੀ.ਪੀ. ਜੋਸ਼ੀ ਨਾਲ ਮੁਲਾਕਾਤ ਦੌਰਾਨ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਲੰਮੇ ਸਮੇਂ ਤੋਂ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਕਤ ਵਿਸ਼ੇਸ਼ ਅਹੁਦੇ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪਾਰਟੀ ਨੂੰ ਜ਼ਿਲ੍ਹੇ ਵਿਚ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਵਚਨਬੱਧ ਹਨ। ਉਨ੍ਹਾਂ ਨੇ ਆਪਣੀ ਰਣਨੀਤੀ ਵਿਚ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ, ਨੌਜਵਾਨਾਂ ਅਤੇ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਨ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਮਿਲ ਕਰਨ 'ਤੇ ਜ਼ੋਰ ਦਿੱਤਾ। ਪੰਮਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਉਹ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਕਾਂਗਰਸ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਕੰਮ ਕਰਨਗੇ।
ਇਸ ਮੌਕੇ ਸਾਬਕਾ ਚੇਅਰਮੈਨ ਮੋਹਣ ਸਿੰਘ ਨਿੰਬਰਵਿੰਡ, ਜਗਦੀਪ ਸਿੰਘ ਗੋਗਾ, ਅਪਰਮਦੀਪ ਸਿੰਘ ਅੱਪ, ਸਰਪੰਚ ਬਲਜੀਤ ਸਿੰਘ ਸਰਾ, ਰਣਜੀਤ ਸਿੰਘ ਰਾਣਾ, ਕੁਲਵਿੰਦਰ ਸਿੰਘ ਪਾਲੀ, ਸਰਪੰਚ ਪ੍ਰੇਮ ਸਿੰਘ, ਜਗਜੀਤ ਸਿੰਘ, ਗੁਰਭੇਦ ਸਿੰਘ, ਇਕਬਾਲ ਸਿੰਘ ਭੀਲੋਵਾਲ, ਕੇਵਲ ਸਿੰਘ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ।