ਫਾਜ਼ਿਲਕਾ, 24 ਸਤੰਬਰ (ਬਲਜੀਤ ਸਿੰਘ)-ਬੈਲਰ ਮਾਲਕਾਂ ਅਤੇ ਪਰਾਲੀ ਖਰੀਦ ਕਰਨ ਵਾਲਿਆਂ ਨਿੱਜੀ ਫੈਕਟਰੀਆਂ ਵਿਚਾਲੇ ਚੱਲ ਰਹੇ ਪਰਾਲੀ ਦੇ ਰੇਟ ਨੂੰ ਲੈ ਕੇ ਰੇੜਕਾ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਗਿਆ ਹੈ, ਜਿਸ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਾਜ਼ਲਗਾਹ ਜ਼ਿਲ੍ਹੇ ਨਾਲ ਸੰਬੰਧਿਤ ਬੈਲਰ ਮਾਲਕਾਂ ਨਾਲ ਇਕ ਮੀਟਿੰਗ ਫਾਜ਼ਿਲਕਾ ਦੇ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰਵੀ ਕੁਮਾਰ ਵਲੋਂ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਏ. ਡੀ. ਸੀ. ਫਾਜ਼ਿਲਕਾ ਵਲੋਂ ਬੈਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਗਿਆ, ਜਿਸ ਤੋਂ ਬਾਅਦ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਬੈਲਰ ਯੂਨੀਅਨ ਦੇ ਆਗੂ ਸੁਨੀਲ ਕੁਮਾਰ ਸਰਪੰਚ, ਮੋਹਨ ਲਾਲ, ਸਰਜ ਸਿੰਘ, ਬਲਜੀਤ ਸਿੰਘ, ਰੋਹਤਾਸ਼ ਕੁਮਾਰ ਨੇ ਕਿਹਾ ਕਿ ਫਾਜ਼ਿਲਕਾ ਪੰਜਾਬ ਦਾ ਇਕਲੌਤਾ ਅਜਿਹਾ ਜ਼ਿਲ੍ਹਾ ਹੈ, ਜਿਥੇ ਨਿੱਜੀ ਫੈਕਟਰੀ ਮਾਲਕਾਂ ਵਲੋਂ ਬੈਲਰ ਵਾਲਿਆਂ ਦਾ ਆਰਥਿਕ ਤੌਰ ਉਤੇ ਸ਼ੋਸ਼ਣ ਕੀਤਾ ਜਾਂਦਾ ਹੈ ਕਿਉਂਕਿ ਪੂਰੇ ਪੰਜਾਬ ਵਿਚ ਪਰਾਲੀ ਦਾ ਰੇਟ ਪ੍ਰਤੀ ਕੁਇੰਟਲ 179 ਰੁਪਏ ਹੈ। ਜਦਕਿ ਫਾਜ਼ਿਲਕਾ ਵਿਚ ਨਿੱਜੀ ਫੈਕਟਰੀਆਂ ਵਲੋਂ ਬੈਲਰ ਚਾਲਕਾਂ ਨੂੰ ਪ੍ਰਤੀ ਕੁਇੰਟਲ ਪਰਾਲੀ ਦਾ ਮੁੱਲ 165 ਰੁਪਏ ਦਿੱਤਾ ਜਾਂਦਾ ਹੈ, ਜਿਸ ਨਾਲ ਸਿੱਧੇ ਤੌਰ ਉਤੇ 14 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੈਲਰ ਵਾਲਿਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਬੈਲਰ ਚਾਲਕਾਂ ਵਲੋਂ ਖੇਤਾਂ ਵਿਚ ਸੀਜ਼ਨ ਸਮੇਂ ਆ ਰਹੀਆਂ ਮੁਸ਼ਕਿਲਾਂ ਤੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਜਿਨ੍ਹਾਂ ਵਿਚ ਪਿੰਡਾਂ ਦੇ ਰਸਤਿਆਂ ਨੂੰ ਲੈ ਕੇ ਜਾਂ ਬਿਜਲੀ ਬੋਰਡ ਦੀਆਂ ਢਿੱਲੀਆਂ ਤਾਰਾਂ ਨੂੰ ਲੈ ਕੇ ਵੱਖ-ਵੱਖ ਮੁਸ਼ਕਿਲਾਂ ਸ਼ਾਮਿਲ ਸਨ। ਇਸ ਮੀਟਿੰਗ ਵਿਚ ਬੈਲਰ ਚਾਲਕਾਂ ਤੋਂ ਇਲਾਵਾ ਪਰਾਲੀ ਖਰੀਦ ਕਰਨ ਵਾਲੇ ਵੱਖ-ਵੱਖ ਨਿੱਜੀ ਫੈਕਟਰੀਆਂ ਦੇ ਮਾਲਕ ਵੀ ਹਾਜ਼ਰ ਰਹੇ। ਬੈਲਰ ਚਾਲਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਦਾ ਡਾ. ਮਨਦੀਪ ਕੌਰ ਵਲੋਂ ਮੀਟਿੰਗ ਵਿਚ ਪਹੁੰਚੇ ਪਰਾਲੀ ਖਰੀਦਦਾਰਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਫਾਜ਼ਿਲਕਾ ਵੱਧ ਤੋਂ ਵੱਧ ਅਤੇ ਸਹੀ ਮੁੱਲ ਉਤੇ ਪਰਾਲੀ ਦੀ ਖਰੀਦ ਕਰਨ। ਨਾਲ ਹੀ ਉਨ੍ਹਾਂ ਵਲੋਂ ਬੈਲਰ ਚਾਲਕਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਜੋ ਨਿੱਜੀ ਫੈਕਟਰੀ ਮਾਲਕ ਜਾਂ ਪਰਾਲੀ ਖਰੀਦ ਕਰਨ ਵਾਲੇ ਇਸ ਮੀਟਿੰਗ ਵਿਚ ਗੈਰ-ਹਾਜ਼ਰ ਹਨ। ਉਨ੍ਹਾਂ ਨੂੰ ਵੀ ਬੁਲਾ ਕੇ ਜਲਦੀ ਹੀ ਜੋ ਬੈਲਰ ਚਾਲਕਾਂ ਅਤੇ ਨਿੱਜੀ ਫੈਕਟਰੀਆਂ ਵਿਚਾਲੇ ਰੇਟ ਦੇ ਵਿਵਾਦ ਨੂੰ ਖਤਮ ਕਰਕੇ ਪਰਾਲੀ ਦੀ ਸਾਂਭ-ਸੰਭਾਲ ਦਾ ਕੰਮ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ। ਇਸ ਮੌਕੇ ਪੁਨੀਤ ਕੁਮਾਰ, ਰਾਜੇਸ਼ ਕੁਮਾਰ, ਇੰਦਰ ਸੈਨ, ਰਮੇਸ਼ ਕੁਮਾਰ ਆਵਾ, ਸੁਰਿੰਦਰ ਸਿੰਘ, ਨਿਰਭੈ ਸਿੰਘ ਅਤੇ ਨਾਇਬ ਸਿੰਘ ਆਦਿ ਹਾਜ਼ਰ ਸਨ।