ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ.) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ ਮਰਿਯਾਦਾ ਖਿਲਾਫ਼ ਬਣਾਈਆਂ ਜਾ ਰਹੀਆਂ ਵੀਡੀਓ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਸੁਝਾਅ ਤੇ ਵਿਚਾਰ ਜਾਣਨ ਵਾਸਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਖੇਤਰ ਦੇ ਮਾਹਿਰ ਲੋਕਾਂ ਅਤੇ ਵਿਦਵਾਨਾਂ ਦੀ ਇਕ ਵਿਸ਼ੇਸ਼ ਇਕੱਤਰਤਾ 1 ਅਕਤੂਬਰ 2025 ਨੂੰ ਦੁਪਹਿਰ 12:30 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਬੁਲਾਈ ਗਈ ਹੈ।
ਇਸ ਸਬੰਧੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਏ.ਆਈ. ਤਕਨੀਕ ਦੀ ਹੋ ਰਹੀ ਦੁਰਵਰਤੋਂ ਬੇਹੱਦ ਸੰਜੀਦਾ ਮਾਮਲਾ ਹੈ। ਇਸ ਰਾਹੀਂ ਕੁਝ ਲੋਕਾਂ ਵਲੋਂ ਜਿਥੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਜਾ ਰਹੀ ਹੈ, ਉਥੇ ਹੀ ਫਿਰਕਿਆਂ ਅੰਦਰ ਟਕਰਾਅ ਵਾਲਾ ਮਾਹੌਲ ਵੀ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਰਤਾਰੇ ਉਤੇ ਲੋਕ ਲਗਾਉਣੀ ਬੇਹੱਦ ਜ਼ਰੂਰੀ ਹੈ। ਭਾਵੇਂ ਕਿ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾਂਦੀਆਂ ਹਨ ਅਤੇ ਆਈ.ਟੀ. ਵਿਭਾਗ ਰਾਹੀਂ ਸਬੰਧਿਤ ਸੋਸ਼ਲ ਮੀਡੀਆ ਮੰਚਾਂ ’ਤੇ ਕਾਰਵਾਈ ਵੀ ਕਰਵਾਈ ਜਾਂਦੀ ਹੈ ਪਰ ਇਸ ਗ਼ਲਤ ਰੁਝਾਨ ਨੂੰ ਰੋਕਣ ਲਈ ਇਸ ਖੇਤਰ ਦੇ ਮਾਹਿਰਾਂ ਤੋਂ ਸੁਝਾਅ ਤੇ ਵਿਚਾਰ ਪ੍ਰਾਪਤ ਕਰਕੇ ਇਕ ਠੋਸ ਨੀਤੀ ਬਣਾਉਣੀ ਲਾਜ਼ਮੀ ਹੈ। ਇਸੇ ਮਕਸਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਏ.ਆਈ. ਖੇਤਰ ਵਿਚ ਕੰਮ ਕਰ ਰਹੇ ਲੋਕਾਂ, ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਦਾ ਸਹਿਯੋਗ ਲੈਣ ਲਈ ਇਕ ਜ਼ਰੂਰੀ ਇਕੱਤਰਤਾ 1 ਅਕਤੂਬਰ ਨੂੰ ਸੱਦੀ ਹੈ। ਉਨ੍ਹਾਂ ਏ.ਆਈ. ਖੇਤਰ ਵਿਚ ਕੰਮ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਝਾਅ ਸ਼੍ਰੋਮਣੀ ਕਮੇਟੀ ਦੀ ਈਮੇਲ info@sgpc.net ’ਤੇ 1 ਅਕਤੂਬਰ ਤੋਂ ਪਹਿਲਾਂ-ਪਹਿਲਾਂ ਭੇਜਣ ਤਾਂ ਜੋ ਇਸ ਇਕੱਤਰਤਾ ਵਿਚ ਵਿਚਾਰੇ ਜਾ ਸਕਣ।
ਤਾਜ਼ਾ ਖ਼ਬਰਾਂ
Free
ਸ਼੍ਰੋਮਣੀ ਕਮੇਟੀ ਨੇ ਏ.ਆਈ. ਤਕਨੀਕ ਦੇ ਮਾਹਿਰਾਂ ਤੇ ਵਿਦਵਾਨਾਂ ਦੀ 1 ਅਕਤੂਬਰ ਨੂੰ ਸੱਦੀ ਇਕੱਤਰਤਾ
ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ.) ਤਕਨੀਕ ਦੀ ਦੁਰਵਰਤੋਂ...
ਅਜੀਤ ਡੈਸਕ
26-09-2025