ਪੱਟੀ, 29 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ )- ਨਗਰ ਕੌਂਸਲ ਪੱਟੀ ਦੀਆਂ 19 ਵਾਰਡਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦੌਰਾਨ ਜਿੱਥੇ ਪਹਿਲਾਂ ਹੀ 16 ਵਾਰਡਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਸਨ, ਉੱਥੇ ਬਾਕੀ ਰਹਿੰਦੇ ਵਾਰਡ ਨੰਬਰ 17, 18 ਅਤੇ 19 ਦੇ ਨਤੀਜੇ ਵੀ ਦੇਰ ਸ਼ਾਮ ਐਲਾਨ ਦਿੱਤੇ ਗਏ। ਇਨ੍ਹਾਂ ਤਿੰਨਾਂ ਹੀ ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਆਪਣੀ ਪਾਰਟੀ ਦੀ ਝੋਲੀ ਵਿੱਚ ਤਿੰਨ ਹੋਰ ਸੀਟਾਂ ਪਾਈਆਂ।
ਗਿਣਤੀ ਕੇਂਦਰ ਵਿਖੇ ਨਤੀਜੇ ਐਲਾਨੇ ਜਾਣ ਉਪਰੰਤ ਕਾਂਗਰਸੀ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ। ਦੂਜੇ ਪਾਸੇ ਵਿਰੋਧੀ ਧਿਰਾਂ ਦੇ ਸਮਰਥਕਾਂ ਵਿੱਚ ਨਿਰਾਸ਼ਾ ਵੇਖਣ ਨੂੰ ਮਿਲੀ। ਚੋਣ ਨਤੀਜਿਆਂ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ ਵਿੱਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਨਗਰ ਕੌਂਸਲ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਵੀ ਸਿਆਸੀ ਗਣਿਤ ਤੇਜ਼ ਹੋ ਗਿਆ ਹੈ।