ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)- ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਰਾਜਾ ਵੜਿੰਗ ਪੰਜਾਬ ਵਿਚ ਵਧੀਆ ਸੰਗਠਨ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਰਾਜਾ ਵੜਿੰਗ ਨੇ ਮੰਤਰੀ ਬਘੇਲ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ ਤੇ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਖਾਸ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਉੱਠ ਕੇ ਮੈਂਬਰ ਪਾਰਲੀਮੈਂਟ ਤੱਕ ਪਹੁੰਚੇ ਹਨ। ਰਾਜਾ ਵੜਿੰਗ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਤਾਨਾਸ਼ਾਹੀ ਦੱਸਦਿਆਂ ਕਿਹਾ ਕਿ ਪਿਛਲੇ ਦਿਨਾਂ ਵਿਚ ਸਫਾਈ ਸੇਵਕਾਂ, ਨਰੇਗਾ ਮਜ਼ਦੂਰਾਂ ਅਤੇ ਹੱਕੀ ਮੰਗਾਂ ਲਈ ਲੜ ਰਹੇ ਮੁਲਾਜ਼ਮਾਂ ਤੇ ਲਾਠੀਚਾਰਜ ਕਰਨਾ ਬਹੁਤ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਨੌਜਵਾਨ ਅਤੇ ਸੰਗਠਨ ਦੇ ਵਿਅਕਤੀ ਅੱਗੇ ਆਉਣ। ਇਸ ਲਈ ਪਾਰਟੀ ਨਾਲ ਦਗਾ ਕਰਨ ਵਾਲੇ ਲੋਕਾਂ ਦੀ ਬਜਾਏ ਆਮ ਘਰਾਂ ਦੇ ਵਰਕਰਾਂ ਨੌਜਵਾਨਾਂ ਅਤੇ ਮੰਡਲ ਪ੍ਰਧਾਨਾਂ ਨੂੰ ਟਿਕਟਾਂ ਦੇਣ ਦੀ ਪੁਰਜੋਰ ਸ਼ਿਫਾਰਿਸ਼ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਵਿਚ ਗੈਂਗਸਟਰਾਂ ਵਲੋਂ ਫਿਰੌਤੀਆਂ ਲਈ ਧਮਕੀਆਂ ਦੇਣ ਦੇ ਫੋਨ ਆਉਣ ਅਤੇ ਵਧ ਰਹੇ ਨਸ਼ਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਵਰਕਰਾਂ ਦੇ ਇਕੱਠ ਦਾ ਜੋਸ਼ ਦੱਸਦਾ ਹੈ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਰਵਿੰਦਰ ਡਾਲਵੀ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਮੰਤਰੀ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਨੂੰ ਵਿਸ਼ੇਸ਼ ਤੌਰ ਤੇ ਵਰਕਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਜਸਬੀਰ ਸਿੰਘ ਡਿੰਪਾ ਗਿੱਲ, ਅੰਮ੍ਰਿਤਾ ਵੜਿੰਗ, ਸਾਬਕਾ ਮੰਤਰੀ ਹੰਸਰਾਜ ਜੋਸਨ, ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਹਰਚਰਨ ਸਿੰਘ ਬਰਾੜ, ਗੁਰਸੰਤ ਸਿੰਘ ਬਰਾੜ, ਸ਼ਰਨਜੀਤ ਸਿੰਘ ਸੰਧੂ, ਭੀਨਾ ਬਰਾੜ, ਭਿੰਦਰ ਸ਼ਰਮਾ ਆਦਿ ਆਗੂ ਹਾਜ਼ਰ ਸਨ।