15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਸੰਨ 1947 ਦੀ ਵੰਡ ਸਮੇਂ ਸ਼ਹੀਦ ਹੋਏ ਸਮੂਹ ਨਿਰਦੋਸ਼ ਪੰਜਾਬੀਆਂ ਦੀ ਯਾਦ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ

ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ)- ਅਗਸਤ 1947 ਦੀ ਕਤਲੋਗਾਰਤ ਤੇ ਪੰਜਾਬ ਦੀ ਵੰਡ ਸਮੇਂ ਸ਼ਹੀਦ ਹੋਏ ਸਮੂਹ ਨਿਰਦੋਸ਼ ਪੰਜਾਬੀਆਂ ਦੀ ਯਾਦ ਵਿਚ ਅੱਜ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ...

Ad Position 21
No active advertisement
ਅਜੀਤ ਡੈਸਕ 16-08-2026

ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ)- ਅਗਸਤ 1947 ਦੀ ਕਤਲੋਗਾਰਤ ਤੇ ਪੰਜਾਬ ਦੀ ਵੰਡ ਸਮੇਂ ਸ਼ਹੀਦ ਹੋਏ ਸਮੂਹ ਨਿਰਦੋਸ਼ ਪੰਜਾਬੀਆਂ ਦੀ ਯਾਦ ਵਿਚ ਅੱਜ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ 1947 ਦੀ ਵੰਡ ਨੂੰ ਪੰਜਾਬ ਦਾ ਉਜਾੜਾ ਕਿਹਾ ਹੈ, ਜਿਸ ਦੌਰਾਨ 10 ਲੱਖ ਤੋਂ ਵੱਧ ਪੰਜਾਬੀਆਂ ਦੀ ਕਤਲੋਗਾਰਤ ਹੋਈ ਹੈ। ਗਿਆਨੀ ਸੋਹਨ ਸਿੰਘ ਸੀਤਲ ਦੀ ਪੁਸਤਕ ਪੰਜਾਬ ਦਾ ਉਜਾੜਾ ਵਿਚ ਵੰਡ ਦੇ ਸਮੇਂ ਦੀਆਂ ਬਹੁਤ ਘਟਨਾਵਾਂ ਦਰਜ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਦੋਂ ਕੀ ਕੁਝ ਵਾਪਰਿਆ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1947 ਦੀ ਕਤਲੋਗਾਰਤ ਵਿਚ ਸ਼ਹੀਦ ਹੋਏ ਸਮੂਹ ਪੰਜਾਬੀਆਂ ਦੀ ਯਾਦ ਵਿਚ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਗਈ ਹੈ, ਕਿ ਅਜਿਹਾ ਸਮਾਂ ਦੁਬਾਰਾ ਕਦੇ ਨਾ ਆਵੇ।
ਜਥੇਦਾਰ ਗਿਆਨੀ ਗੜਗੱਜ ਨੇ ਕਿਹਾ ਕਿ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ ਕਿ ਜਿਹੜੇ ਪਾਵਨ ਗੁਰਧਾਮ ਖ਼ਾਲਸਾ ਪੰਥ ਤੋਂ ਵਿਛੜੇ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ। ਉਨ੍ਹਾਂ ਕਿਹਾ ਕਿ 1947 ਵਿਚ ਸਾਡੇ ਜਾਨ ਤੋਂ ਪਿਆਰੇ ਗੁਰਧਾਮ ਵਿਛੜੇ, ਸਾਨੂੰ ਆਪਣੇ ਘਰ ਤੇ ਜ਼ਮੀਨਾਂ ਛੱਡਣੀਆਂ ਪਈਆਂ। ਸਿੱਖਾਂ ਦੀ ਅੱਜ ਵੀ ਇਹੀ ਭਾਵਨਾ ਹੈ ਕਿ ਆਪਣੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦੇ ਰਹਿਣ, ਸਾਨੂੰ ਪੂਰਾ ਭਰੋਸਾ ਹੈ ਕਿ ਗੁਰੂ ਸਾਹਿਬ ਇਹ ਅਰਦਾਸ ਜ਼ਰੂਰ ਪੂਰੀ ਕਰਨਗੇ।
ਜਥੇਦਾਰ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਵੀ ਪਿਛਲੇ ਲਗਭਗ ਡੇਢ ਸਾਲ ਤੋਂ ਬੰਦ ਪਿਆ ਹੈ, ਜਿਸ ਨੂੰ ਸਿੱਖ ਭਾਵਨਾਵਾਂ ਅਨੁਸਾਰ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਆਪਸ ਵਿਚ ਗੱਲਬਾਤ ਕਰਕੇ ਬਿਨਾਂ ਦੇਰੀ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਸੰਗਤ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਮਝੌਤੇ ਤਹਿਤ ਜਥਿਆਂ ਰਾਹੀਂ ਜਾਂਦੀਆਂ ਹਨ, ਤਾਂ ਵੱਧ ਤੋਂ ਵੱਧ ਸੰਗਤ ਦਰਸ਼ਨ ਲਈ ਜਾਣਾ ਚਾਹੁੰਦੀ ਹੈ। ਪਿਛਲੇ ਸਮੇਂ ਸਿੱਖ ਜਥਿਆਂ ਲਈ ਸ਼੍ਰੋਮਣੀ ਕਮੇਟੀ ਪਾਸ ਰਿਕਾਰਡ ਗਿਣਤੀ ਵਿਚ ਪਾਸਪੋਰਟ ਪੁੱਜ ਰਹੇ ਹਨ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖ ਜਥਿਆਂ ਵਿਚ ਸ਼ਰਧਾਲੂਆਂ ਦੀ ਗਿਣਤੀ ਤੋ ਕੋਟਾ ਵਧਾਉਣ ਲਈ ਗੰਭੀਰਤਾ ਨਾਲ ਗੌਰ ਕਰਨੀ ਚਾਹੀਦੀ ਹੈ। 
ਜਥੇਦਾਰ ਗੜਗੱਜ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਉਨ੍ਹਾਂ ਨਾਲ ਸੰਬੰਧਿਤ ਮਸਲੇ ਹੱਲ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲੀ ਦਾ ਮਾਮਲਾ ਹੋਵੇ ਜਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੀ ਬਜ਼ੁਰਗ ਤੇ ਬੀਮਾਰ ਮਾਤਾ ਬੀਬੀ ਨਰਿੰਦਰ ਕੌਰ ਜੀ ਦੀ ਮੁਲਾਕਾਤ ਦਾ ਮਾਮਲਾ ਹੋਵੇ, ਸਿੱਖਾਂ ਨਾਲ ਸਰਕਾਰਾਂ ਵਲੋਂ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 1947 ਤੋਂ ਪਹਿਲਾਂ ਵੀ ਸਿੱਖਾਂ ਨੇ ਜੇਲ੍ਹਾਂ ਕੱਟੀਆਂ, ਫਾਂਸੀਆਂ ਝੱਲੀਆਂ ਅਤੇ ਅੱਜ ਵੀ ਸਿੱਖ ਜੇਲ੍ਹਾਂ ਕੱਟ ਰਹੇ ਹਨ। 
ਜਥੇਦਾਰ ਗੜਗੱਜ ਨੇ ਕਿਹਾ ਕਿ ਅਖੌਤੀ ਡੇਰੇਦਾਰ ਡੇਰਾ ਸਿਰਸਾ ਮੁਖੀ ਨੂੰ ਸਾਲ ਵਿਚ ਕਈ-ਕਈ ਪੈਰੋਲਾਂ ਦੇ ਕੇ ਛੱਡਿਆ ਜਾਂਦਾ ਹੈ ਜਦਕਿ ਜੇਕਰ ਬੰਦੀ ਸਿੰਘਾਂ ਦੀ ਗੱਲ ਹੋਵੇ ਤਾਂ ਉਨ੍ਹਾਂ ਨਾਲ ਵਿਤਕਰੇ ਤਹਿਤ ਦੋਹਰੀ ਨੀਤੀ ਅਪਣਾਈ ਜਾਂਦੀ ਹੈ। ਜਥੇਦਾਰ ਗੜਗੱਜ ਨੇ ਕਿਹਾ ਇਹ ਗੱਲ ਗਲਤ ਪ੍ਰਚਾਰੀ ਜਾਂਦੀ ਹੈ ਕਿ ਸਿੱਖਾਂ ਵਿਚ ਆਪਸੀ ਵਖਰੇਵੇਂ ਹਨ, ਮਿਸਲਾਂ ਵੇਲੇ ਵੀ ਮਤਭੇਦ ਹੁੰਦੇ ਸਨ, ਪਰੰਤੂ ਜਦੋਂ ਗੱਲ ਕੌਮ ਤੇ ਗੁਰੂ ਸਾਹਿਬ ਦੀ ਹੁੰਦੀ ਸੀ ਤਾਂ ਸਮੂਹ ਜਥੇਬੰਦੀਆਂ ਇਕਜੁੱਟ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਇਹ ਗਲਤ ਪਿਰਤ ਹੈ ਜੋ ਗੁਰਦੁਆਰਾ ਸਾਹਿਬਾਨ ਵਿਚ ਹਮਲੇ ਕੀਤੇ ਜਾ ਰਹੇ ਹਨ, ਇਹ ਖ਼ਾਲਸਾ ਪੰਥ ਹਿੱਤਾਂ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦੇ ਉੱਚੇ ਅਸੂਲ ਅਤੇ ਕਿਰਦਾਰ ਹਨ। ਸਾਨੂੰ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਇਹ ਅਸੂਲ ਧਾਰਨ ਕਰੀਏ ਅਤੇ ਕੌਮ ਆਪਸੀ ਖਾਨਾਜੰਗੀ ਤੋਂ ਬਚ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਉਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨਮਾਈ ਹੇਠ ਮਿਲਜੁਲ ਕੇ ਚੱਲੇ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਪ੍ਰੈੱਸ ਕਾਨਫ਼ਰੰਸ ਅਗਲੀ ਖ਼ਬਰ ਬਰਮਿੰਘਮ ’ਚ ਮਨਾਇਆ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ
Ad Position 24