15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਬਰਮਿੰਘਮ ’ਚ ਮਨਾਇਆ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ

ਬਰਮਿੰਘਮ (ਇੰਗਲੈਂਡ), 15 ਅਗਸਤ (ਸੁਖਜਿੰਦਰ ਸਿੰਘ ਢੱਡੇ, ਪ੍ਰਮਿੰਦਰ ਸਿੰਘ) - ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਕੌਂਸਲੇਟ ਜਨਰਲ, ਬਰਮਿੰਘਮ ਵਿਖੇ ਦੇਸ਼-ਭਗਤੀ ਦੇ ਜਜ਼ਬੇ ਅਤੇ ਭਾਰੀ ਉਤਸ਼ਾਹ ਨਾਲ ਵਿਸ਼ੇਸ਼...

Ad Position 21
No active advertisement
ਅਜੀਤ ਡੈਸਕ 16-08-2026

ਬਰਮਿੰਘਮ (ਇੰਗਲੈਂਡ), 15 ਅਗਸਤ (ਸੁਖਜਿੰਦਰ ਸਿੰਘ ਢੱਡੇ, ਪ੍ਰਮਿੰਦਰ ਸਿੰਘ) - ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਕੌਂਸਲੇਟ ਜਨਰਲ, ਬਰਮਿੰਘਮ ਵਿਖੇ ਦੇਸ਼-ਭਗਤੀ ਦੇ ਜਜ਼ਬੇ ਅਤੇ ਭਾਰੀ ਉਤਸ਼ਾਹ ਨਾਲ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਿਡਲੈਂਡਜ਼ ਅਤੇ ਉੱਤਰੀ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਭਾਈਚਾਰੇ ਅਤੇ ਪ੍ਰਵਾਸੀ ਭਾਰਤੀਆਂ, ਵਿਦਿਆਰਥੀਆਂ, ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪਤਵੰਤਿਆਂ ਅਤੇ ਭਾਰਤ ਦੇ ਦੋਸਤ ਦੇਸਾ ਦੇ ਨੁਮਾਈਦਿਆ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਭਾਰਤ ਦੀ ਆਜ਼ਾਦੀ ਦੇ 80 ਵਰ੍ਹਿਆਂ ਦੇ ਸਫ਼ਰ ਦੇ ਨਾਲ-ਨਾਲ ਦੇਸ਼ ਦੀ ਅਮੀਰ ਵਿਰਾਸਤ, ਸੱਭਿਆਚਾਰਕ ਵਿਭਿੰਨਤਾ ਅਤੇ ‘ਅਨੇਕਤਾ ਵਿਚ ਏਕਤਾ’ ਦੀ ਭਾਵਨਾ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ। ਕੌਂਸਲੇਟ ਦਾ ਸਮੁੱਚਾ ਮਾਹੌਲ ਦੇਸ਼-ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ ਅਤੇ ਹਾਜ਼ਰੀਨ ਵਿਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਭਾਰਤੀ ਕੌਂਸਲ ਜਨਰਲ, ਬਰਮਿੰਘਮ ਡਾ. ਵੈਂਕਟਾਚਲਮ ਮੁਰੂਗਨ ਨੇ ਕੌਂਸਲੇਟ ਦੇ ਵਿਹੜੇ ਵਿਚ ਭਾਰਤੀ ਤਿਰੰਗਾ ਲਹਿਰਾਇਆ। ਇਸ ਮੌਕੇ ਹਾਜ਼ਰ ਲੋਕਾਂ ਨੇ ਤਿਰੰਗੇ ਨੂੰ ਸਲਾਮੀ ਭੇਟ ਕਰਦਿਆਂ ਭਾਰਤ ਪ੍ਰਤੀ ਆਪਣੇ ਸਤਿਕਾਰ, ਪਿਆਰ ਅਤੇ ਦੇਸ਼-ਭਗਤੀ ਦਾ ਪ੍ਰਗਟਾਵਾ ਕੀਤਾ।
ਤਿਰੰਗਾ ਲਹਿਰਾਉਣ ਦੀ ਰਸਮ ਤੋਂ ਬਾਅਦ ਕੌਂਸਲ ਜਨਰਲ ਡਾ. ਵੈਂਕਟਾਚਲਮ ਮੁਰੂਗਨ ਨੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵਲੋਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਵਾਸੀਆਂ ਦੇ ਨਾਂਅ ਦਿੱਤਾ ਗਿਆ ਸੰਦੇਸ਼ ਪੜ੍ਹ ਕੇ ਭਾਰਤੀ ਭਾਈਚਾਰੇ ਅਤੇ ਪ੍ਰਵਾਸੀ ਭਾਰਤੀਆਂ ਨੂੰ ਸੁਣਾਇਆ। ਰਾਸ਼ਟਰਪਤੀ ਦੇ ਸੰਦੇਸ਼ ਰਾਹੀਂ ਦੇਸ਼ ਦੀਆਂ ਪ੍ਰਾਪਤੀਆਂ, ਲੋਕਤੰਤਰੀ ਕਦਰਾਂ-ਕੀਮਤਾਂ, ਏਕਤਾ ਅਤੇ ਭਵਿੱਖ ਦੀ ਤਰੱਕੀ ਪ੍ਰਤੀ ਵਚਨਬੱਧਤਾ ਦਾ ਸੁਨੇਹਾ ਦਿੱਤਾ ਗਿਆ।
ਸਮਾਗਮ ਨੂੰ ਉਸ ਵੇਲੇ ਹੋਰ ਵਿਸ਼ੇਸ਼ ਮਹੱਤਤਾ ਮਿਲੀ ਜਦੋਂ ਵੈਸਟ ਮਿਡਲੈਂਡਜ਼ ਦੇ ਲਾਰਡ-ਲੈਫਟੀਨੈਂਟ ਡੈਰਿਕ ਐਂਡਰਸਨ ਸੀ.ਬੀ.ਈ. ਅਤੇ ਬਰਮਿੰਘਮ ਦੇ ਲਾਰਡ ਮੇਅਰ ਕੌਂਸਲਰ ਜ਼ਾਕਰ ਚੌਧਰੀ ਐੱਮ.ਬੀ.ਈ. ਵਲੋਂ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਦੀਆਂ ਨਿੱਘੀਆਂ ਮੁਬਾਰਕਾਂ ਦਿੱਤੀਆਂ ਗਈਆਂ। ਉਨ੍ਹਾਂ ਦੇ ਵਧਾਈ ਸੰਦੇਸ਼ਾਂ ਵਿਚ ਭਾਰਤ ਅਤੇ ਬਰਤਾਨੀਆ ਦਰਮਿਆਨ ਡੂੰਘੀ ਦੋਸਤੀ, ਆਪਸੀ ਸਤਿਕਾਰ ਅਤੇ ਲਗਾਤਾਰ ਮਜ਼ਬੂਤ ਹੋ ਰਹੀ ਭਾਈਵਾਲੀ ਦੀ ਭਾਵਨਾ ਉੱਭਰ ਕੇ ਸਾਹਮਣੇ ਆਈ। ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੌਰਾਨ ਭਾਰਤ ਦੀਆਂ ਵੱਖ-ਵੱਖ ਰਵਾਇਤਾਂ, ਵਿਰਾਸਤ ਅਤੇ ਸੱਭਿਆਚਾਰਕ ਰੰਗਾਂ ਨੂੰ ਪੇਸ਼ ਕਰਦੀਆਂ ਰੰਗਾਰੰਗ ਪੇਸ਼ਕਾਰੀਆਂ ਵੀ ਕਰਵਾਈਆਂ ਗਈਆਂ। ਇਨ੍ਹਾਂ ਪੇਸ਼ਕਾਰੀਆਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ ਅਤੇ ਭਾਰਤ ਦੀ ਵਿਸ਼ਾਲ ਸੱਭਿਆਚਾਰਕ ਵਿਭਿੰਨਤਾ ਦੀ ਪ੍ਰਭਾਵਸ਼ਾਲੀ ਤਸਵੀਰ ਪੇਸ਼ ਕੀਤੀ। ਮਿਡਲੈਂਡਜ਼ ਅਤੇ ਉੱਤਰੀ ਇੰਗਲੈਂਡ ਤੋਂ ਆਏ 150 ਤੋਂ ਵੱਧ ਭਾਗੀਦਾਰਾਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਭਾਰਤੀ ਏਕਤਾ, ਸੱਭਿਆਚਾਰ ਅਤੇ ਪ੍ਰਵਾਸੀ ਭਾਈਚਾਰੇ ਦੀ ਮਜ਼ਬੂਤੀ ਦਾ ਪ੍ਰਤੀਕ ਬਣਾ ਦਿੱਤਾ। ਵੱਖ-ਵੱਖ ਉਮਰ ਵਰਗਾਂ ਅਤੇ ਪਿਛੋਕੜਾਂ ਨਾਲ ਸੰਬੰਧਿਤ ਲੋਕਾਂ ਦੀ ਹਾਜ਼ਰੀ ਨੇ ਦਰਸਾਇਆ ਕਿ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਵਿਚ ਆਪਣੀ ਮਾਤ-ਭੂਮੀ ਅਤੇ ਸੱਭਿਆਚਾਰ ਪ੍ਰਤੀ ਡੂੰਘਾ ਲਗਾਅ ਬਰਕਰਾਰ ਹੈ।
ਇਸ ਮੌਕੇ ਰਾਇਲ ਸਟਨ ਕੋਲਡਫੀਲਡ ਦੇ ਮੇਅਰ ਕੌਂਸਲਰ ਡਾ. ਨਿਤੀਸ਼ ਰਾਉਤ, ਵੈਸਟ ਮਿਡਲੈਂਡਜ਼ ਦੀ ਹਾਈ ਸ਼ੈਰਿਫ ਕਾਰਮਨ ਵਾਟਸਨ, ਸਟੈਫਰਡਸ਼ਾਇਰ ਦੇ ਹਾਈ ਸ਼ੈਰਿਫ ਪ੍ਰੀਤਪਾਲ ਸਿੰਘ ਨਾਗੀ ਐੱਮ.ਬੀ.ਈ., ਡੀ.ਐੱਲ. ਅਤੇ ਰੋਮਾਨੀਆ ਦੀ ਕੌਂਸਲ ਜਨਰਲ ਮਿਹਾਏਲਾ ਸਾਵੂ ਤੋਂ ਇਲਾਵਾ ਵਾਈਸ-ਚਾਂਸਲਰਾਂ ਅਤੇ ਡਿਪਟੀ ਲੈਫਟੀਨੈਂਟਾਂ ਸਮੇਤ ਕਈ ਹੋਰ ਪਤਵੰਤਿਆਂ ਨੇ ਵੀ ਸਥਾਨਕ ਮੀਡੀਆ ਰਾਹੀਂ ਭਾਰਤੀ ਭਾਈਚਾਰੇ ਅਤੇ ਪ੍ਰਵਾਸੀ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਇਨ੍ਹਾਂ ਵਧਾਈ ਸੰਦੇਸ਼ਾਂ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਵਿਚ ਦੋਸਤੀ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਰੰਗ ਹੋਰ ਗੂੜ੍ਹਾ ਕੀਤਾ। ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਬਰਤਾਨਵੀ ਅਤੇ ਹੋਰ ਪਤਵੰਤਿਆਂ ਵਲੋਂ ਮਿਲੀਆਂ ਸ਼ੁੱਭਕਾਮਨਾਵਾਂ ਨੇ ਭਾਰਤ ਅਤੇ ਬਰਤਾਨੀਆ ਵਿਚਾਲੇ ਮਜ਼ਬੂਤ ਸੰਬੰਧਾਂ ਦੇ ਨਾਲ-ਨਾਲ ਬਰਤਾਨਵੀ ਸਮਾਜ ਵਿਚ ਭਾਰਤੀ ਭਾਈਚਾਰੇ ਦੇ ਅਹਿਮ ਯੋਗਦਾਨ ਨੂੰ ਵੀ ਉਜਾਗਰ ਕੀਤਾ। ਸਮਾਗਮ ਦੌਰਾਨ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਬਰਤਾਨੀਆ ਵਿਚ ਵੱਸਦਾ ਭਾਰਤੀ ਭਾਈਚਾਰਾ ਨਾ ਸਿਰਫ਼ ਆਪਣੀਆਂ ਜੜ੍ਹਾਂ, ਸੱਭਿਆਚਾਰ ਅਤੇ ਰਵਾਇਤਾਂ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ, ਸਗੋਂ ਭਾਰਤ ਅਤੇ ਬਰਤਾਨੀਆ ਵਿਚਾਲੇ ਲੋਕ-ਪੱਧਰੀ ਸੰਬੰਧਾਂ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ।
ਭਾਰਤੀ ਕੌਂਸਲੇਟ ਜਨਰਲ, ਬਰਮਿੰਘਮ ਵਲੋਂ ਇਸ ਇਤਿਹਾਸਕ ਮੌਕੇ ’ਤੇ ਸਮੂਹ ਭਾਰਤੀਆਂ, ਪ੍ਰਵਾਸੀ ਭਾਰਤੀਆਂ ਅਤੇ ਭਾਰਤ ਦੇ ਦੋਸਤਾਂ ਨੂੰ 80ਵੇਂ ਆਜ਼ਾਦੀ ਦਿਹਾੜੇ ਦੀਆਂ ਨਿੱਘੀਆਂ ਵਧਾਈਆਂ ਦਿੰਦਿਆਂ ਭਾਰਤ ਦੀ ਏਕਤਾ, ਤਰੱਕੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। 

Ad Position 22
No active advertisement
ਪਿਛਲੀ ਖ਼ਬਰ ਸੰਨ 1947 ਦੀ ਵੰਡ ਸਮੇਂ ਸ਼ਹੀਦ ਹੋਏ ਸਮੂਹ ਨਿਰਦੋਸ਼ ਪੰਜਾਬੀਆਂ ਦੀ ਯਾਦ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਅਗਲੀ ਖ਼ਬਰ ਵੰਦੇ ਮਾਤਰਮ' ਦੇ ਜਾਪ ਦਾ ਵਿਰੋਧ ਕਰਕੇ ਕਾਂਗਰਸ ਨੇ ਕੀਤਾ ਹੈ ਆਜ਼ਾਦੀ ਘੁਲਾਟੀਆਂ ਦਾ ਅਪਮਾਨ - ਭਾਜਪਾ
Ad Position 24