ਫਾਜ਼ਿਲਕਾ,18 ਅਗਸਤ (ਪ੍ਰਦੀਪ ਕੁਮਾਰ)- ਸ਼ਹਿਰ ਦੇ ਇਕ ਮਸ਼ਹੂਰ ਹਲਵਾਈ ਕਾਰੋਬਾਰੀ ਦੇ ਕਈ ਠਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਇਕੋ ਸਮੇਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਕਾਰੋਬਾਰੀ ਦੀਆਂ ਫਾਜ਼ਿਲਕਾ ਸਥਿਤ ਕਰੀਬ ਚਾਰ ਦੁਕਾਨਾਂ ਤੋਂ ਇਲਾਵਾ ਮਠਿਆਈਆਂ ਤਿਆਰ ਕਰਨ ਵਾਲੇ ਨੋਹਰਿਆਂ, ਘਰ ਅਤੇ ਕਾਰੋਬਾਰ ਨਾਲ ਜੁੜੇ ਹੋਰ ਠਿਕਾਣਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਅਚਾਨਕ ਕੀਤੀ ਗਈ ਇਸ ਕਾਰਵਾਈ ਕਾਰਨ ਸ਼ਹਿਰ ਵਿਚ ਹਲਚਲ ਮਚ ਗਈ। ਟੀਮਾਂ ਇਕੋ ਸਮੇਂ ਕਾਰੋਬਾਰੀ ਨਾਲ ਸਬੰਧਿਤ ਵੱਖ-ਵੱਖ ਥਾਵਾਂ ’ਤੇ ਪਹੁੰਚੀਆਂ ਅਤੇ ਉੱਥੇ ਕਾਰੋਬਾਰ ਨਾਲ ਜੁੜੇ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਸ਼ੁਰੂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਵਿਚ ਸਥਿਤ ਹਲਵਾਈ ਦੀਆਂ ਕਰੀਬ ਚਾਰ ਦੁਕਾਨਾਂ ਨੂੰ ਜਾਂਚ ਦੇ ਘੇਰੇ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੋਹਰਿਆਂ ਵਿਚ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ, ਉੱਥੇ ਵੀ ਵਿਭਾਗ ਦੀਆਂ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾਰੋਬਾਰੀ ਦੇ ਘਰ ਅਤੇ ਕਾਰੋਬਾਰ ਨਾਲ ਜੁੜੇ ਹੋਰ ਸਥਾਨਾਂ ’ਤੇ ਵੀ ਟੀਮਾਂ ਦੇ ਪਹੁੰਚਣ ਦੀ ਜਾਣਕਾਰੀ ਹੈ।
ਰੇਡ ਦੌਰਾਨ ਦੁਕਾਨਾਂ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ। ਕਿਸੇ ਵੀ ਵਿਅਕਤੀ ਨੂੰ ਦੁਕਾਨ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦਕਿ ਦੁਕਾਨ ’ਤੇ ਆਏ ਗਾਹਕਾਂ ਨੂੰ ਵੀ ਬਾਹਰੋਂ ਹੀ ਵਾਪਸ ਭੇਜ ਦਿੱਤਾ ਗਿਆ। ਇਸ ਦੌਰਾਨ ਮੀਡੀਆਂ ਕਰਮਚਾਰੀਆਂ ਨੂੰ ਵੀ ਕਵਰੇਜ ਕਰਨ ਤੋਂ ਰੋਕਣ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਕਿਸ ਸਥਾਨ ਤੋਂ ਪਹੁੰਚੀਆਂ ਹਨ ਅਤੇ ਇਸ ਕਾਰਵਾਈ ਦਾ ਮੁੱਖ ਕਾਰਨ ਕੀ ਹੈ। ਹਾਲਾਂਕਿ, ਸੂਤਰਾਂ ਮੁਤਾਬਕ ਇਹ ਇਕ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ ਅਤੇ ਟੀਮਾਂ ਵਲੋਂ ਕਾਰੋਬਾਰ ਨਾਲ ਸਬੰਧਿਤ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਰੇ ਠਿਕਾਣਿਆਂ ’ਤੇ ਫਿਲਹਾਲ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਸਬੰਧਤ ਹਲਵਾਈ ਕਾਰੋਬਾਰੀ ਫਾਜ਼ਿਲਕਾ ਵਿਚ ਕਾਫ਼ੀ ਮਸ਼ਹੂਰ ਹੈ ਅਤੇ ਉਸ ਦੀਆਂ ਮਠਿਆਈਆਂ ਦੂਰ-ਦੂਰ ਤੱਕ ਪ੍ਰਸਿੱਧ ਦੱਸੀਆਂ ਜਾਂਦੀਆਂ ਹਨ। ਖਾਸ ਤੌਰ ’ਤੇ ਇੱਥੋਂ ਦੀ ‘ਤੋਸ਼ਾ’ ਮਠਿਆਈ ਲੋਕਾਂ ਵਿਚ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਕਾਰੋਬਾਰੀ ਦਾ ਵੱਡਾ ਕਾਰੋਬਾਰ ਹੋਣ ਕਾਰਨ ਇਕੋ ਸਮੇਂ ਕਈ ਠਿਕਾਣਿਆਂ ’ਤੇ ਹੋਈ ਇਸ ਕਾਰਵਾਈ ਨੇ ਸ਼ਹਿਰ ਵਿਚ ਚਰਚਾ ਛੇੜ ਦਿੱਤੀ ਹੈ।
ਫਿਲਹਾਲ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਜਾ ਰਹੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਉਂਦਾ ਹੈ ਅਤੇ ਵਿਭਾਗ ਵਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ। ਇਸ ਮਾਮਲੇ ਸਬੰਧੀ ਵਿਭਾਗ ਵਲੋਂ ਅਜੇ ਤੱਕ ਕੋਈ ਵਿਸਥਾਰਤ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।