ਐੱਸ.ਏ.ਐੱਸ. ਨਗਰ, 7 ਸਤੰਬਰ (ਕਪਿਲ ਵਧਵਾ) –ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਦਾਇਰ ਵੱਖ-ਵੱਖ ਅਰਜ਼ੀਆਂ ਤੇ ਅੱਜ 7 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਮੁੜ ਟਲ ਗਈ। ਵਕੀਲਾਂ ਵਲੋਂ ਹੜਤਾਲ ਦੇ ਕਾਰਨ ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਲਈ ਨਿਰਧਾਰਤ ਕੀਤੀ ਹੈ। ਇਸ ਮਾਮਲੇ ਵਿਚ ਪਿਛਲੀਆਂ ਕਰੀਬ 6 ਤਰੀਕਾਂ ਤੋਂ ਸੁਣਵਾਈ ਅੱਗੇ ਵਧਣ ਦੀ ਬਜਾਏ ਵੱਖ-ਵੱਖ ਵਿਚਾਰਅਧੀਨ ਅਰਜ਼ੀਆਂ ਅਤੇ ਮੁੱਦਿਆਂ ’ਤੇ ਹੀ ਕਾਰਵਾਈ ਲੰਬਿਤ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਮਸ਼ੋਬਰਾ ਸਥਿਤ ਫਾਰਮ ਹਾਊਸ ਦੀਆਂ ਚਾਬੀਆਂ ਜੇਕਰ ਮੁਲਜ਼ਮ ਨੂੰ ਸੌਂਪੀਆਂ ਜਾਂਦੀਆਂ ਹਨ ਤਾਂ ਉੱਥੇ ਕੋਰਟ ਕਮਿਸ਼ਨਰ ਦੀ ਨਿਯੁਕਤੀ, ਰਿਹਾਇਸ਼ ਦੀ ਵੀਡੀਓਗ੍ਰਾਫੀ ਅਤੇ ਇਸ ਸਬੰਧੀ ਲਾਗੂ ਕਾਨੂੰਨੀ ਵਿਵਸਥਾਵਾਂ ਦੇ ਮੁੱਦੇ ’ਤੇ ਦਲੀਲਾਂ ਹੋਣੀਆਂ ਸਨ। ਅਦਾਲਤ ਵਲੋਂ ਇਸ ਸਬੰਧੀ ਕਾਨੂੰਨ ਪੇਸ਼ ਕਰਨ ਲਈ ਵੀ ਕਿਹਾ ਗਿਆ ਸੀ। ਇਸ ਦੇ ਨਾਲ ਹੀ ਮੋਬਾਈਲ ਨਾਲ ਸੰਬੰਧਿਤ ਮਾਮਲੇ ’ਤੇ ਵੀ ਕਾਰਵਾਈ ਬਕਾਇਆ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਸੀ.ਜੇ.ਐੱਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਰਿਪੋਰਟ ਦੇ ਜਵਾਬ ਵਿਚ ਅਦਾਲਤ ਵਿਚ ਦਾਇਰ ਹਲਫ਼ਨਾਮੇ ਸੰਬੰਧੀ ਦਲੀਲਾਂ ’ਤੇ ਵੀ ਅੱਜ ਵਿਚਾਰ ਨਹੀਂ ਹੋ ਸਕਿਆ। ਅਦਾਲਤ ਨੇ ਇਸ ਮੁੱਦੇ ਨੂੰ ਵੀ ਅਗਲੀ ਸੁਣਵਾਈ ਦੌਰਾਨ ਵਿਚਾਰਨ ਦੇ ਨਿਰਦੇਸ਼ ਦਿੱਤੇ ਹਨ। ਉਧਰ, ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਵਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਵੀ ਅਦਾਲਤ ਵਿਚ ਵਿਚਾਰ ਅਧੀਨ ਹੈ। ਇਸ ’ਤੇ ਵੀ ਹੁਣ 24 ਸਤੰਬਰ ਨੂੰ ਸੁਣਵਾਈ ਹੋਵੇਗੀ। ਇਹ ਜਾਣਕਾਰੀ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਵਲੋਂ ਸਾਂਝੀ ਕੀਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਮਜੀਠੀਆ ਮਾਮਲਾ: ਫਾਰਮ ਹਾਊਸ ਦੀਆਂ ਚਾਬੀਆਂ, ਮੋਬਾਈਲ ਤੇ ਗਜਪਤ ਗਰੇਵਾਲ ਦੀ ਜ਼ਮਾਨਤ ’ਤੇ ਸੁਣਵਾਈ ਮੁੜ ਟਲੀ
ਐੱਸ.ਏ.ਐੱਸ. ਨਗਰ, 7 ਸਤੰਬਰ (ਕਪਿਲ ਵਧਵਾ) –ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਦਾਇਰ ਵੱਖ-ਵੱਖ ਅਰਜ਼ੀਆਂ ਤੇ ਅੱਜ 7 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਮੁੜ ਟਲ...
ਅਜੀਤ ਡੈਸਕ
07-09-2026