ਮੁੰਬਈ, 8 ਸਤੰਬਰ (ਪੀ.ਟੀ.ਆਈ.)-ਪੀ.ਐਮ.ਓ. ਅਧਿਕਾਰੀ ਵਜੋਂ ਭੇਸ ਵਟਾਉਣ ਵਾਲੇ ਇਕ 24 ਸਾਲਾ ਲੜਕੇ ਤੇ ਉਸਦੇ ਹਥਿਆਰਬੰਦ ‘ਬਾਡੀਗਾਰਡ’ ਨੂੰ ਇੱਥੇ ਬੀ.ਕੇ.ਸੀ. ਖੇਤਰ ’ਚ ਇਕ ਸਥਾਨ ’ਤੇ ਹਿਰਾਸਤ ’ਚ ਲਿਆ ਗਿਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਨੂੰ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਹਨ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਥਿਤ ਬਾਡੀਗਾਰਡ ਤੋਂ ਇਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਦਾ ਇਕ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹੋਏ, 24 ਸਾਲਾ ਵਿਅਕਤੀ ਨੇ ਬਾਂਦਰਾ-ਕੁਰਲਾ ਕੰਪਲੈਕਸ (ਬੀ.ਕੇ.ਸੀ.) ਵਿਚ ਨੀਤਾ ਮੁਕੇਸ਼ ਅੰਬਾਨੀ ਸੱਭਿਆਚਾਰਕ ਕੇਂਦਰ ’ਚ ਦਾਖਲਾ ਲਿਆ।
ਉੱਚ-ਸੁਰੱਖਿਆ ਸਥਾਨ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਤੇ ਪੁਲਿਸ ਅਧਿਕਾਰੀਆਂ ਨੇ ਦੋਵਾਂ ਦੇ ਸ਼ੱਕੀ ਵਿਵਹਾਰ ਨੂੰ ਦੇਖ ਕੇ ਦੋਵਾਂ ਨੂੰ ਰੋਕਿਆ। ਕਿਉਂਕਿ ਨੌਜਵਾਨ ਕੋਈ ਪ੍ਰਮਾਣ ਪੱਤਰ ਪੇਸ਼ ਨਹੀਂ ਕਰ ਸਕਿਆ, ਇਸ ਲਈ ਉਸਨੂੰ ਤੇ ਉਸਦੇ ਬਾਡੀਗਾਰਡ ਨੂੰ ਹਿਰਾਸਤ ’ਚ ਲੈ ਲਿਆ ਗਿਆ ਤੇ ਬਾਅਦ ’ਚ ਵਿਸਥਾਰ ਨਾਲ ਪੁੱਛਗਿੱਛ ਲਈ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਅਧਿਕਾਰੀ ਨੇ ਦੋਵਾਂ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਕਿਹਾ ਕਿ ਕ੍ਰਾਈਮ ਇੰਟੈਲੀਜੈਂਸ ਯੂਨਿਟ (ਸੀ.ਆਈ.ਯੂ.) ਦੇ ਨਾਲ-ਨਾਲ ਸਥਾਨਕ ਪੁਲਿਸ ਹੋਰ ਜਾਂਚ ਕਰ ਰਹੀ ਹੈ।