ਲੁਧਿਆਣਾ, 23 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਵਿਚ ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਕਮਿਸ਼ਨਰੇਟ ਪੁਲਿਸ ਨੇ ਕਰੀਬ 300 ਕਿਲੋ ਯਾਨੀ 3 ਕੁਇੰਟਲ ਗਾਂਜਾ ਬਰਾਮਦ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਬੋਲੇਰੋ ਪਿਕਅੱਪ ਵਾਹਨ ਵੀ ਕਬਜ਼ੇ ਵਿਚ ਲਿਆ ਹੈ।
ਡੀ.ਸੀ.ਪੀ. ਆਲਮ ਵਿਜੇ ਸਿੰਘ ਨੇ ਦੱਸਿਆ ਕਿ 23 ਸਤੰਬਰ 2026 ਨੂੰ ਗੰਦਾ ਨਾਲਾ ਪੁਲ, ਮੰਡੀ ਵਾਲੀ ਦਰਗਾਹ ਨੇੜੇ ਥਾਣਾ ਹੈਬੋਵਾਲ ਦੀ ਪੁਲਿਸ ਟੀਮ ਨੇ ਇਕ ਬੋਲੇਰੋ ਪਿਕਅੱਪ ਕੋਲ ਦੋ ਵਿਅਕਤੀਆਂ ਨੂੰ ਦੇਖਿਆ। ਪੁਲਿਸ ਨੂੰ ਦੇਖਦੇ ਹੀ ਦੋਵੇਂ ਕਥਿਤ ਤੌਰ ’ਤੇ ਗਾਂਜੇ ਨਾਲ ਭਰਿਆ ਪਲਾਸਟਿਕ ਬੈਗ ਸੜਕ ਕਿਨਾਰੇ ਸੁੱਟ ਕੇ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਜਦੋਂ ਪੁਲਿਸ ਨੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 10 ਕਿਲੋ ਗਾਂਜਾ ਬਰਾਮਦ ਹੋਇਆ। ਇਸ ਮਾਮਲੇ ਵਿਚ ਥਾਣਾ ਹੈਬੋਵਾਲ ਵਿਖੇ ਐਫ.ਆਈ.ਆਰ. ਨੰਬਰ 251, ਮਿਤੀ 23-09-2026, ਧਾਰਾ 20 NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਪਰਵਿੰਦਰ ਕੁਮਾਰ, ਬਿਰੰਜਨ ਉਰਫ਼ ਗੋਲੂ ਅਤੇ ਅਮਰਕਾਂਤ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਅਤੇ ਅਗਲੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਹੋਰ 290 ਕਿਲੋ ਗਾਂਜਾ ਬਰਾਮਦ ਕੀਤਾ।
ਇਸ ਤਰ੍ਹਾਂ ਪੁਲਿਸ ਦੀ ਕੁੱਲ ਬਰਾਮਦਗੀ 300 ਕਿਲੋ ਗਾਂਜਾ ਅਤੇ ਇਕ ਬੋਲੇਰੋ ਪਿਕਅੱਪ ਤੱਕ ਪਹੁੰਚ ਗਈ ਹੈ। ਡੀ.ਸੀ.ਪੀ. ਨੇ ਦੱਸਿਆ ਕਿ ਬਰਾਮਦ ਕੀਤੇ ਗਏ ਗਾਂਜੇ ਦੀ ਕੀਮਤ 50 ਲੱਖ ਰੁਪਏ ਦੇ ਨੇੜੇ ਤੇੜੇ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹਨ।