ਵਾਸ਼ਿੰਗਟਨ, 3 ਨਵੰਬਰ (ਏਜੰਸੀਆਂ)-ਅਮਰੀਕਾ ਨੇ ਈਰਾਨ ਦੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਕ਼ੇਸ਼ਮ ਟਾਪੂ ’ਤੇ ਸੀਮਤ ਹਵਾਈ ਹਮਲੇ ਕੀਤੇ ਹਨ। ਅਮਰੀਕੀ ਅਧਿਕਾਰੀਆਂ ਨੇ ਇਨ੍ਹਾਂ ਹਮਲਿਆਂ ਨੂੰ ਰੱਖਿਆਤਮਕ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਹ ਇਰਾਨੀ ਫ਼ੌਜ ਵਲੋਂ ਅਮਰੀਕੀ ਜਹਾਜ਼ਾਂ ਤੇ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦੇ ਜਵਾਬ ’ਚ ਕੀਤੇ ਗਏ ਹਨ। ਇਸੇ ਦੌਰਾਨ ਈਰਾਨ ਨੇ ਅਮਰੀਕਾ ਦੇ ਦੋ ਜਾਸੂਸੀ ਡਰੋਨ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ।
ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਅਮਰੀਕਾ ਤੇ ਇਰਾਨ ਵਿਚਾਲੇ ਜੰਗ ਖ਼ਤਮ ਕਰਨ ਲਈ ਕੂਟਨੀਤਕ ਗੱਲਬਾਤ ਜਾਰੀ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਹਾਲ ਹੀ ’ਚ ਗੱਲਬਾਤ ’ਚ ਕੁਝ ਤਰੱਕੀ ਹੋਣ ਦੀ ਗੱਲ ਕਹੀ ਸੀ ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸਮਝੌਤੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਇਰਾਨੀ ਮੀਡੀਆ ਅਨੁਸਾਰ ਕ਼ੇਸ਼ਮ ਤੇ ਹੇਂਗਮ ਟਾਪੂਆਂ ਸਮੇਤ ਬੰਦਰ ਅੱਬਾਸ ਦੇ ਨੇੜਲੇ ਇਲਾਕਿਆਂ ’ਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਇਰਾਨ ਦੇ ਸੰਸਦ ਸਪੀਕਰ ਮੁਹੰਮਦ ਬਾਗ਼ਰ ਗ਼ਾਲਿਬਾਫ਼ ਨੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਦੀਆਂ ਹਥਿਆਰਬੰਦ ਫ਼ੌਜਾਂ ਪੂਰੀ ਤਰ੍ਹਾਂ ਤਿਆਰ ਹਨ ਤੇ ਕਿਸੇ ਵੀ ਨਵੀਂ ਕਾਰਵਾਈ ਦਾ ਜਵਾਬ ਦਿੱਤਾ ਜਾਵੇਗਾ।
ਕ਼ੇਸ਼ਮ ਟਾਪੂ ਹੋਰਮੁਜ਼ ਜਲਡਮਰੂ ਦੇ ਨੇੜੇ ਸਥਿਤ ਹੈ, ਜਿੱਥੋਂ ਦੁਨੀਆ ਦੇ ਤੇਲ ਦੀ ਵੱਡੀ ਮਾਤਰਾ ਦੀ ਸਪਲਾਈ ਹੁੰਦੀ ਹੈ। ਇਸ ਖੇਤਰ ’ਚ ਵਧਦੇ ਫ਼ੌਜੀ ਤਣਾਅ ਕਾਰਨ ਕੌਮਾਂਤਰੀ ਤੇਲ ਬਾਜ਼ਾਰ ’ਚ ਮੁੜ ਚਿੰਤਾਵਾਂ ਪੈਦਾ ਹੋ ਗਈਆਂ ਹਨ। ਹਮਲਿਆਂ ਦੀਆਂ ਖ਼ਬਰਾਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਦਰਜ ਕੀਤਾ ਗਿਆ। ਮਾਹਿਰਾਂ ਅਨੁਸਾਰ ਜੇਕਰ ਅਮਰੀਕਾ ਤੇ ਇਰਾਨ ਵਿਚਾਲੇ ਟਕਰਾਅ ਮੁੜ ਤੇਜ਼ ਹੁੰਦਾ ਹੈ ਤਾਂ ਇਸ ਦਾ ਅਸਰ ਵਿਸ਼ਵ ਊਰਜਾ ਸਪਲਾਈ ਤੇ ਆਰਥਿਕਤਾ ’ਤੇ ਪੈ ਸਕਦਾ ਹੈ। ਇਸੇ ਦੌਰਾਨ ਕਤਰ ਸਮੇਤ ਕਈ ਦੇਸ਼ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਯਤਨ ਕਰ ਰਹੇ ਹਨ। ਹਾਲਾਂਕਿ ਇਰਾਨ ਨੇ ਕਿਹਾ ਹੈ ਕਿ ਅਮਰੀਕਾ ਦੀਆਂ ਕੁਝ ਮੰਗਾਂ ਪ੍ਰਵਾਨਯੋਗ ਨਹੀਂ ਹਨ, ਜਿਸ ਕਾਰਨ ਜੰਗ ਖ਼ਤਮ ਕਰਨ ਲਈ ਸਮਝੌਤੇ ਦੀਆਂ ਸੰਭਾਵਨਾਵਾਂ ਅਜੇ ਵੀ ਅਨਿਸ਼ਚਿਤ ਹਨ।