ਸਾਹਿਬ-ਏ-ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਚਾਨਣੇ ਚਿਰਾਗ਼ ਉਹ ਪ੍ਰਚੰਡ ਚੰਗਿਆੜੇ ਸਨ, ਜਿਨ੍ਹਾਂ ਨੇ ਇਸ਼ਕ ਦੀ ਲਾਟ 'ਤੇ ਆਪਣਾ-ਆਪ ਕੁਰਬਾਨ ਕਰਕੇ ਜ਼ਾਲਮਾਂ ਦਾ ਜ਼ੋਰ ਜਬਰ ਨਸ਼ਟ ਕਰ ਦਿੱਤਾ। ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਦਸਮੇਸ਼ ਜੀ ਨੇ ਸਾਰੇ ਮਨੁੱਖਾਂ ਨੂੰ ਹੀ ਆਪਣਾ ਪੁੱਤਰ ਬਣਾਇਆ ਸੀ ਅਤੇ ਫਿਰ ਇਨ੍ਹਾਂ ਪੁੱਤਰਾਂ ਦੇ ਸਿਰ ਤੋਂ ਆਪਣੇ ਚਾਰੇ ਲਾਲਾਂ ਨੂੰ ਵਾਰ ਕੇ ਪ੍ਰੇਮ ਦੀ ਹੱਦ ਕਾਇਮ ਕੀਤੀ ਸੀ। ਸਾਹਿਬਾਂ ਦੇ ਸਾਹਿਬਜ਼ਾਦੇ ਬਾਲ ਅਵਸਥਾ ਵਿਚ ਹੁੰਦੇ ਹੋਏ ਵੀ ਬਾਬੇ ਸਨ, ਵੱਡੀ ਆਤਮਿਕ ਅਵਸਥਾ ਦੇ ਮਾਲਕ, ਨਿਰਭੈ ਪਦ ਦੇ ਸੁਆਮੀ ਅਤੇ ਸ਼ੁੱਭ ਗੁਣਾਂ ਦੀ ਸਿਖ਼ਰ ਸਨ। ਇਹ ਮਹਾਨ ਬਾਬੇ ਸ਼ਹਾਦਤ, ਸਿਦਕ, ਹਿੰਮਤ, ਦਲੇਰੀ ਅਤੇ ਬਹਾਦਰੀ ਦੇ ਉਹ ਪੂਰਨੇ ਪਾ ਗਏ ਕਿ ਅਮਰ ਪਦ ਨੂੰ ਪ੍ਰਾਪਤ ਹੋ ਗਏ।
ਬਾਬਾ ਅਜੀਤ ਸਿੰਘ ਜੀ : ਆਪ ਮਾਤਾ ਸੁੰਦਰੀ ਜੀ ਦੇ ਇਕਲੌਤੇ ਹੋਣ ਨੂਰ-ਏ-ਨਜ਼ਰ ਸਨ, ਜਿਨ੍ਹਾਂ ਦਾ ਆਗਮਨ ਸ੍ਰੀ ਪਾਉਂਟਾ ਸਾਹਿਬ ਵਿਖੇ 29 ਮਾਘ, 1743 ਬਿਕ੍ਰਮੀ ਨੂੰ ਹੋਇਆ। ਉਸ ਸਮੇਂ ਸ੍ਰੀ ਕਲਗੀਧਰ ਜੀ ਨੇ ਭੰਗਾਣੀ ਦਾ ਯੁੱਧ ਜਿੱਤਿਆ ਸੀ ਅਤੇ ਇਸ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿਚ ਸਾਹਿਬਜ਼ਾਦੇ ਦਾ ਨਾਂਅ ਅਜੀਤ ਸਿੰਘ ਰੱਖਿਆ ਸੀ। ਇਹ ਛੋਟੀ ਉਮਰ ਤੋਂ ਹੀ ਸ਼ਸਤਰਾਂ ਦੇ ਧਨੀ, ਗੁਰਬਾਣੀ ਦੇ ਪ੍ਰੇਮੀ, ਕਰਮਵੀਰ, ਧਰਮਵੀਰ ਅਤੇ ਬਹਾਦਰ ਸੂਰਬੀਰ ਸਨ। ਜਦੋਂ 1699 ਦੀ ਵਿਸਾਖੀ ਨੂੰ ਮਹਾਰਾਜ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਵੱਡੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸੁਨਹਿਰੀ ਪੁਸ਼ਾਕੇ, ਸੀਸ ਉੱਪਰ ਸਜੇ ਦੁਮਾਲੇ ਅਤੇ ਗਲ ਵਿਚ ਸਜੀਆਂ ਕਿਰਪਾਨਾਂ ਇਨ੍ਹਾਂ ਦੇ ਨੂਰੀ ਮੁਖੜਿਆਂ ਨੂੰ ਹੋਰ ਵੀ ਲਿਸ਼ਕਾ ਰਹੀਆਂ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਪਹਾੜੀ ਰਾਜਿਆਂ ਵਲੋਂ ਕੀਤੀਆਂ ਸਾਰੀਆਂ ਜੰਗਾਂ ਵਿਚ ਜੂਝਦੇ ਰਹੇ। ਇਕ ਦਿਨ ਸ੍ਰੀ ਕਲਗੀਧਰ ਜੀ ਦੇ ਦਰਬਾਰ ਵਿਚ ਇਕ ਦੇਵਦਾਸ ਨਾਂਅ ਦਾ ਬ੍ਰਾਹਮਣ ਆ ਕੇ ਰੋ-ਰੋ ਕੇ ਪੁਕਾਰ ਕਰਨ ਲੱਗਾ ਕਿ ਜਦੋਂ ਉਹ ਆਪਣੀ ਪਤਨੀ ਦਾ ਮੁਕਲਾਵਾ ਲੈ ਕੇ ਆ ਰਿਹਾ ਸੀ ਤਾਂ ਬੱਸੀ ਪਠਾਣਾਂ ਦੇ ਹਾਕਮ ਜਾਬਰ ਖ਼ਾਨ ਨੇ ਉਸ ਦੀ ਪਤਨੀ ਅਤੇ ਮਾਲ ਧਨ ਲੁੱਟ ਲਿਆ ਅਤੇ ਉਸ ਨੂੰ ਕੁੱਟਮਾਰ ਕੇ ਭਜਾ ਦਿੱਤਾ। ਮਿਹਰਬਾਨ ਸਤਿਗੁਰੂ ਜੀ ਨੇ ਸ਼ਰਨ ਆਏ ਦੀ ਲਾਜ ਰੱਖੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸੌ ਘੋੜ ਸਵਾਰ ਦੇ ਕੇ ਬ੍ਰਾਹਮਣ ਦੀ ਪਤਨੀ ਨੂੰ ਛੁਡਾਉਣ ਲਈ ਭੇਜਿਆ। ਗੁਰੂ ਪਿਤਾ ਜੀ ਦਾ ਹੁਕਮ ਮੰਨ ਕੇ ਬਾਬਾ ਅਜੀਤ ਸਿੰਘ ਜੀ ਨੇ ਮੂੰਹ ਹਨੇਰੇ ਦੀ ਬੱਸੀ ਪਠਾਣਾਂ 'ਤੇ ਹਮਲਾ ਕਰ ਕੇ ਜਾਬਰ ਖ਼ਾਨ ਨੂੰ ਬੰਦੀ ਬਣਾ ਲਿਆ, ਦੇਵਦਾਸ ਦੀ ਪਤਨੀ ਨੂੰ ਆਜ਼ਾਦ ਕਰਵਾਇਆ ਅਤੇ ਗੁਰੂ ਪਾਤਸ਼ਾਹ ਜੀ ਕੋਲ ਲਿਆ ਹਾਜ਼ਰ ਕੀਤਾ। ਮਹਾਰਾਜ ਨੇ ਜਾਬਰ ਖ਼ਾਨ ਨੂੰ ਮੌਤ ਦੀ ਸਜ਼ਾ ਦਿੱਤੀ ਅਤੇ ਬ੍ਰਾਹਮਣ ਨੂੰ ਉਸ ਦੀ ਪਤਨੀ ਸੌਂਪੀ। ਜਦੋਂ ਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਤਾਂ ਸਾਹਿਬਜ਼ਾਦੇ ਨੇ ਰਸਤੇ ਵਿਚ ਰੰਘੜਾਂ ਨੂੰ ਸੋਧਿਆ, ਭਾਈ ਉਦੈ ਸਿੰਘ ਨਾਲ ਰਲ ਕੇ ਵਹੀਰ ਦੀ ਰਾਖੀ ਕੀਤੀ ਅਤੇ ਸਰਸਾ ਨਦੀ ਨੂੰ ਪਾਰ ਕੀਤਾ। ਇਸ ਜੰਗ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਖ਼ਾਨ ਦੀ ਹਵੇਲੀ ਵਿਚ ਸੁਰੱਖਿਅਤ ਪਹੁੰਚਾਇਆ ਅਤੇ ਫਿਰ ਗੁਰੂ ਪਿਤਾ ਨਾਲ ਜੰਗ ਕਰਦੇ ਹੋਏ ਚਮਕੌਰ ਦੀ ਗੜ੍ਹੀ ਵਿਚ ਦਾਖਲ ਹੋਏ। ਮਨੁੱਖਤਾ ਦੀ ਮੁਹੱਬਤ ਬਦਲੇ ਜਿੰਦਾਂ ਦੇ ਸੌਦੇ ਹੋਏ। ਇਕ ਪਾਸੇ ਦਸ ਲੱਖ ਦੀ ਜ਼ਾਲਮ ਫ਼ੌਜ ਅਤੇ ਇਕ ਪਾਸੇ ਪਿਆਰ ਵਿਗੁੱਤੀਆਂ, ਤਲੀਆਂ 'ਤੇ ਸਿਰ ਧਰ ਕੇ ਸ਼ਹੀਦੀ ਜਾਮ ਪੀਣ ਲਈ ਤਿਆਰ 40 ਜਿੰਦਾਂ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਪਿਤਾ ਗੁਰੂ ਜੀ ਕੋਲੋਂ ਗੜ੍ਹੀ ਤੋਂ ਬਾਹਰ ਜਾ ਕੇ ਜੂਝਣ ਦੀ ਆਗਿਆ ਮੰਗੀ। ਸਾਹਿਬਾਂ ਨੇ ਪ੍ਰਸੰਨ ਹੋ ਕੇ ਪੰਜ ਸਿੰਘਾਂ ਨਾਲ ਵਿਦਾ ਕੀਤਾ। ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇਥੋਂ ਨਿਕਲ ਜਾਓ। ਅਸੀਂ ਸ਼ਹੀਦੀ ਪਾਵਾਂਗੇ। ਪਾਤਸ਼ਾਹ ਜੀ ਨੇ ਕਿਹਾ ਤੁਸੀਂ ਸਾਰੇ ਹੀ ਸਾਡੇ ਸਾਹਿਬਜ਼ਾਦੇ ਹੋ। ਬਾਬਾ ਅਜੀਤ ਸਿੰਘ ਜੀ ਨੇ ਮੈਦਾਨ-ਏ-ਜੰਗ ਵਿਚ ਸੂਰਮਗਤੀ ਦੇ ਉਹ ਜੌਹਰ ਦਿਖਾਏ ਕਿ ਜਾਪਣ ਲੱਗਾ ਜਿਵੇਂ ਰਣ ਭੂਮੀ ਵਿਚ ਬਿਜਲੀ ਕੜਕ ਰਹੀ ਹੋਵੇ। ਅੰਤ ਸੈਂਕੜੇ ਵਾਰ ਝੱਲ ਕੇ ਸ਼ਹੀਦੀ ਪਾਈ ਤਾਂ ਕਲਗੀਧਰ ਜੀ ਨੇ ਜੈਕਾਰੇ ਗਜਾਏ।
ਬਾਬਾ ਜੁਝਾਰ ਸਿੰਘ ਜੀ : ਆਪ ਜੀ ਦਾ ਆਗਮਨ ਮਾਤਾ ਜੀਤੋ ਜੀ ਦੀ ਪਾਵਨ ਕੁੱਖ ਤੋਂ 14 ਮਾਰਚ, 1691 ਈ. ਨੂੰ ਹੋਇਆ। ਉਸ ਸਮੇ ਸ੍ਰੀ ਦਸਮੇਸ਼ ਜੀ ਨੇ ਨਦੌਣ ਦੀ ਜੰਗ ਵਿਚ ਜੂਝ ਕੇ ਜਿੱਤਣ ਉਪਰੰਤ ਸਾਹਿਬਜ਼ਾਦੇ ਦਾ ਨਾਂਅ ਜੁਝਾਰ ਸਿੰਘ ਰੱਖਿਆ। ਇਲਾਹੀ ਸੁੰਦਰਤਾ ਦੇ ਮੁਜੱਸਮੇ, ਸ਼ਸਤਰਾਂ ਦੇ ਧਨੀ, ਘੋੜ ਸਵਾਰੀ ਦੇ ਨਿਪੁੰਨ ਕੀਰਤਨ ਦੇ ਰਸੀਏ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਆਪਣੇ ਵੱਡੇ ਵੀਰ ਵਾਂਗ ਬਹੁਤ ਹੀ ਜੋਸ਼ੀਲੇ ਅਤੇ ਬਹਾਦਰ ਸਨ। ਗੁਰੂ ਪਿਤਾ ਕੋਲੋਂ ਬੀਰਤਾ, ਦ੍ਰਿੜ੍ਹਤਾ ਅਤੇ ਦਾਦੀ ਮਾਤਾ ਕੋਲੋਂ ਮਹਾਨ ਵਿਰਸੇ ਅਤੇ ਇਤਿਹਾਸ ਦੀਆਂ ਬਾਤਾਂ ਸੁਣ ਕੇ ਆਪ ਦੀ ਆਤਮਿਕ ਅਵਸਥਾ ਅੰਬਰਾਂ ਨੂੰ ਛੂਹਣ ਲੱਗੀ ਸੀ। ਵੱਡੇ ਵੀਰ ਦੀ ਮਹਾਨ ਸ਼ਹਾਦਤ ਨੇ ਆਪ ਦੇ ਅੰਦਰ ਵੀ ਜੂਝ ਮਰਨ ਦਾ ਚਾਉ ਭਰਿਆ ਅਤੇ ਇਨ੍ਹਾਂ ਨੇ ਪਿਤਾ ਜੀ ਕੋਲੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਸਾਹਿਬਾਂ ਨੇ ਆਪ ਸ਼ਸਤਰ ਸਜਾ ਕੇ, ਮੱਥਾ ਚੁੰਮ ਕੇ ਮੌਤ ਲਾੜੀ ਨੂੰ ਵਰਨ ਲਈ ਭੇਜਿਆ। ਆਪ ਨੇ ਪਹਿਲਾਂ ਘੋੜੇ 'ਤੇ ਚੜ੍ਹ ਕੇ ਨੇਜੇ ਨਾਲ, ਫਿਰ ਪੈਦਲ ਤਲਵਾਰ ਨਾਲ ਅਨੇਕਾਂ ਦੁਸ਼ਮਣਾਂ ਦੇ ਆਹੂ ਲਾਹੇ ਅਤੇ ਫਿਰ ਜੂਝ ਕੇ ਸ਼ਹਾਦਤ ਪਾਈ ਅਤੇ ਆਪਣਾ ਨਾਂਅ ਸਕਾਰਥਾ ਕੀਤਾ। ਧੰਨ ਜਿਗਰਾ ਕਲਗੀ ਵਾਲੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਆਪਣੇ ਲਾਲਾਂ ਨੂੰ ਅੱਖਾਂ ਸਾਹਵੇਂ ਸ਼ਹੀਦ ਹੁੰਦਾ ਦੇਖ ਕੇ ਜੈਕਾਰੇ ਗਜਾਏ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਅਮਾਨਤ ਅਦਾ ਹੋਈ।
ਦੋਵੇਂ ਸਾਹਿਬਜ਼ਾਦੇ ਚਮਕੌਰ ਸਾਹਿਬ ਵਿਖੇ ਸ਼ਹੀਦ ਹੋਏ, ਇਸ ਲਈ ਅਸੀਂ ਇਨ੍ਹਾਂ ਨੂੰ ਵੱਡੇ ਸਾਹਿਬਜ਼ਾਦੇ ਕਹਿ ਕੇ ਯਾਦ ਕਰਦੇ ਹਾਂ। ਇਨ੍ਹਾਂ ਦੀਆਂ ਅਮਰ ਸ਼ਹਾਦਤਾਂ ਇਤਿਹਾਸ 'ਤੇ ਅਮਿੱਟ ਪੈੜਾਂ ਅਤੇ ਅਮਰ ਨਿਸ਼ਾਨ ਛੱਡ ਗਈਆਂ ਹਨ, ਜਿਨ੍ਹਾਂ ਨੂੰ ਅਸੀਂ ਨਿੱਤ ਅਰਦਾਸ ਵਿਚ ਯਾਦ ਕਰਦੇ ਹਾਂ। ਚਮਕੌਰ ਦੇ ਜ਼ੱਰਿਆਂ ਵਿਚ ਅੱਜ ਵੀ ਇਹ ਨੂਰ ਝਲਕਦਾ ਹੈ।
ਸਦੀਆਂ ਤੀਕ ਓਹੋ ਝੰਡੇ ਝੂਲਦੇ ਨੇ,
ਓਹੋ ਪਰਚਮ ਆਕਾਸ਼ 'ਤੇ ਫਰਕਦੇ ਨੇ,
ਜਿਸ ਵਿਚ ਨਬਜ਼ ਸ਼ਹੀਦਾਂ ਦੀ ਚਲਦੀ ਏ,
ਜਿਸ ਵਿਚ ਦਿਲ ਸ਼ਹੀਦਾਂ ਦੇ ਧੜਕਦੇ ਨੇ।
ਸ਼ਹਾਦਤ ਦੀਆਂ ਅਮਿਟ ਪੈੜਾਂ ਛੱਡਣ ਵਾਲੇ ਵੱਡੇ ਸਾਹਿਬਜ਼ਾਦੇ
ਅਜੀਤ ਡੈਸਕ
21-12-2022