ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2022

ਸ਼ਹੀਦੀ ਸਪਤਾਹ ਦੀ ਦਾਸਤਾਨ

Ad Position 21
No active advertisement
ਅਜੀਤ ਡੈਸਕ 21-12-2022

ਪੋਹ ਦੇ ਮਹੀਨੇ ਸਾਨੂੰ ਸਭ ਨੂੰ ਸਰਦੀ ਬਹੁਤ ਸਤਾਉਂਦੀ ਹੈ, ਪਰ ਅਨੰਦਪੁਰੀ ਦੇ ਅਨੰਦਮਈ ਵਾਤਾਵਰਨ, ਅਨੰਦਪੁਰ ਦੇ 8 ਮਹੀਨੇ ਦੇ ਜ਼ਬਰਦਸਤ ਘੇਰੇ, ਅਨੰਦਪੁਰ ਨੂੰ ਛੱਡਣ, ਸਿਰਸਾ ਦੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੀਆਂ ਦੀਵਾਰਾਂ 'ਚ ਸਾਹਿਬਜ਼ਾਦਿਆਂ ਦੇ ਜਿਊਂਦੇ ਚਿਣੇ ਜਾਣ 'ਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਪੜ੍ਹ-ਸੁਣ ਕੇ-ਮਨ-ਸਰੀਰ 'ਚ ਰੋਸ-ਰੋਹ ਤੇ ਜੋਸ਼ ਦੀ ਲਹਿਰ ਦੌੜਦੀ ਹੈ। 8 ਤੋਂ 13 ਪੋਹ ਦੇ ਇਹ ਦਿਨ ਸਿੱਖ ਇਤਿਹਾਸ ਦੇ ਦਰਦਮਈ-ਗੰਭੀਰ ਪ੍ਰੀਖਿਆ ਦੇ ਦਿਨ ਸਨ। ਸ੍ਰੀ ਅਨੰਦਪੁਰ ਸਾਹਿਬ ਨੂੰ ਲਾਹੌਰ ਦੇ ਸੂਬੇਦਾਰ ਜ਼ਬਰਦਸਤ ਖਾਂ, ਸਰਹਿੰਦ ਦੇ ਸੂਬੇਦਾਰ ਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ। ਅੱਠ ਮਹੀਨੇ ਤੀਕ ਰਹੇ ਇਸ ਜ਼ਬਰਦਸਤ ਘੇਰੇ ਕਾਰਨ ਅਨੰਦਗੜ੍ਹ ਦੇ ਕਿਲ੍ਹੇ 'ਚ ਜਲ-ਪਾਣੀ, ਅੰਨ-ਦਾਣਾ ਆਉਣਾ ਬੰਦ ਹੋ ਗਿਆ। ਮੁਸੀਬਤ ਦੇ ਸਮੇਂ ਵੀ ਸਿੱਖਾਂ ਨੇ ਸਬਰ-ਸਿਦਕ ਤੋਂ ਕੰਮ ਲਿਆ। ਦੁਸ਼ਮਣ ਦਲਾਂ ਨੇ ਦੇਖਿਆ ਇਸ ਤਰ੍ਹਾਂ ਅਸੀਂ ਅਨੰਦਗੜ੍ਹ ਦੇ ਕਿਲ੍ਹੇ 'ਤੇ ਕਾਬਜ਼ ਨਹੀਂ ਹੋ ਸਕਾਂਗੇ ਤਾਂ ਉਨ੍ਹਾਂ ਕੁਰਾਨ ਸ਼ਰੀਫ਼ ਤੇ ਗਊ ਦੀਆਂ ਕਸਮਾਂ ਖਾ ਕੇ ਕਿਹਾ ਕਿ ਜੇਕਰ ਗੁਰੂ ਜੀ ਆਪਣੇ ਸਿੰਘਾਂ ਸਮੇਤ ਕਿਲ੍ਹੇ ਨੂੰ ਖਾਲੀ ਕਰਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ। ਬਸ ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਦਲਾਂ ਨੇ ਭੁੱਖੇ ਭਾਣੇ ਸਿੰਘਾਂ 'ਤੇ ਹੱਲਾ ਬੋਲ ਦਿੱਤਾ। ਪੋਹ ਦੇ ਮਹੀਨੇ, ਬਾਰਿਸ਼ ਸਮੇਂ ਸ਼ੂਕਦੀ ਸਰਸਾ ਨਦੀ ਦੇ ਕੰਢੇ ਭਿਆਨਕ ਯੁੱਧ ਲੜਿਆ ਗਿਆ। ਸਰਸਾ ਕਿਨਾਰੇ ਹੀ ਕਲਗੀਧਰ ਦੇ ਪਰਿਵਾਰ ਦਾ ਸਦੀਵੀ ਵਿਛੋੜਾ ਪੈ ਗਿਆ। ਗੁਰੂ ਪਰਿਵਾਰ ਤਿੰਨ ਭਾਗਾਂ 'ਚ, ਤਿੰਨ ਦਿਸ਼ਾਵਾਂ 'ਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ, ਦੋਨੋਂ ਵੱਡੇ ਸਾਹਿਬਜ਼ਾਦੇ ਤੇ ਗਿਣਤੀ ਦੇ ਸਿੰਘ, ਚਮਕੌਰ ਦੀ ਕੱਚੀ ਗੜ੍ਹੀ 'ਚ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਸਾਥ ਇਕ ਪਾਸੇ ਚੱਲ ਪਏ। ਚਮਕੌਰ ਦੀ ਕੱਚੀ ਗੜ੍ਹੀ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਚਾਲੀ ਸਿੰਘਾਂ ਨੇ ਦਸ ਲੱਖ ਫ਼ੌਜ ਦਾ ਮੁਕਾਬਲਾ ਜਿਸ ਸੂਰਮਗਤੀ ਨਾਲ ਕੀਤਾ ਉਸ ਨੂੰ ਵਿਸ਼ਵ ਦਾ ਸਭ ਤੋਂ ਅਸਾਵਾਂ ਯੁੱਧ ਕਿਹਾ ਜਾਂਦਾ ਹੈ। ਇਮਤਿਹਾਨ ਦੀ ਇਸ ਘੜੀ 'ਚ ਗੁਰੂ ਪਿਆਰਿਆਂ ਨੇ ਸਬਰ-ਸਿਦਕ ਤੇ ਸੂਰਮਗਤੀ ਨਾਲ ਸ਼ਹਾਦਤ ਦੀ ਦਾਸਤਾਨ ਲਿਖੀ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਪਕੜਾਉਣ ਦੀ ਮੁਖ਼ਬਰੀ ਗੰਗੂ ਬ੍ਰਾਹਮਣ ਨੇ ਧਨ ਦੇ ਲਾਲਚ 'ਚ ਹੀ ਕੀਤੀ ਸੀ। ਚਮਕੌਰ ਦੀ ਗੜ੍ਹੀ ਤੇ ਸਰਹਿੰਦ ਦੀ ਦੀਵਾਰ ਦੇ ਇਮਤਿਹਾਨ ਸਮੇਂ ਕਿਸੇ ਨੇ ਕੋਈ ਗਿਲਾ, ਸ਼ਿਕਵਾ- ਸ਼ਿਕਾਇਤ ਨਹੀਂ ਕੀਤੀ, ਸਗੋਂ ਕਰਤੇ ਦੀ ਰਜ਼ਾ 'ਚ ਸਾਰੇ ਰਾਜ਼ੀ ਰਹੇ। ਚਮਕੌਰ ਦੀ ਗੜ੍ਹੀ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਪੰਥ ਦੀ ਸਰਬਉੱਚਤਾ ਨੂੰ ਪੰਜਾਂ ਪਿਆਰਿਆਂ ਦੇ ਰੂਪ 'ਚ ਸਵੀਕਾਰ ਤੇ ਸਤਿਕਾਰ ਕਰਦਿਆਂ, ਗੁਰੂ ਚੇਲੇ ਦੀ ਅਭੇਦਤਾ ਦੇ ਸਿਧਾਂਤ ਨੂੰ ਪ੍ਰਗਟ ਕੀਤਾ। ਗੁਰੂ-ਪੰਥ ਦੇ ਹੁਕਮ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਦਲਾਂ ਨੂੰ ਚੀਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਦੇ ਵਾਸੀ ਬਣੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨੇ ਬੰਦੀ ਬਣਾ, ਠੰਢੇ ਬੁਰਜ 'ਚ ਕੈਦ ਕਰ ਦਿੱਤਾ। ਬਜ਼ੁਰਗ ਮਾਤਾ ਗੁਜਰੀ ਤੇ ਨੰਨ੍ਹੇ-ਮੁੰਨ੍ਹੇ ਸਾਹਿਬਜ਼ਾਦਿਆਂ, ਗੁਰੂ ਪਰਿਵਾਰ, ਪਿਆਰੇ ਗੁਰਸਿੱਖਾਂ ਦਾ ਸਦੀਵੀ ਵਿਛੋੜਾ, ਸਫ਼ਰ ਦੀਆਂ ਦੁਸ਼ਵਾਰੀਆ ਦੇ ਦਰਪੇਸ਼ ਕਿਵੇਂ ਗੁਜ਼ਾਰੇ ਹੋਣਗੇ, ਠੰਢੇੇ ਬੁਰਜ 'ਚ ਦਿਨ-ਰਾਤ? ਪੋਖ ਤੁਖਾਰ ਦਾ ਮਹੀਨਾ, ਉੱਚਾ ਖੁੱਲ੍ਹਾ ਬੁਰਜ, ਨੇੜੇ ਪਾਣੀ ਦੀ ਖਾਈ, ਖੁੱਲ੍ਹੇ ਖੇਤਰ ਦੀਆਂ ਬਰਫ਼ੀਲੀਆਂ ਸੀਤ ਹਵਾਵਾਂ, ਦੂਸਰੇ ਪਾਸੇ ਸਮੇਂ ਤੇ ਮੁਸੀਬਤਾਂ ਨਾਲ ਜੂਝ ਰਹੀ 83 ਸਾਲਾਂ ਦੀ ਬਜ਼ੁਰਗ ਮਾਤਾ ਨੇ ਬਾਲ ਵਰੇਸ ਦੇ ਆਪਣੇ ਪੋਤਰਿਆਂ ਨੂੰ ਕਿਵੇਂ ਸਮਾਂ ਗੁਜ਼ਾਰਿਆ ਹੋਵੇਗਾ ਕਲਪਨਾ ਕਰਨੀ ਮੁਸ਼ਕਿਲ ਹੈ। ਸੂਬੇਦਾਰ ਸਰਹਿੰਦ ਵਜ਼ੀਰ ਖਾਂ ਤੇ ਕਾਜ਼ੀ ਨੇ ਵਕਤੀ-ਖੁਸ਼ਾਮਦ ਭਰਪੂਰ ਫ਼ਤਵਾ ਸੁਣਾਉਣ 'ਤੇ ਸਾਹਿਬ, ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਵਰੇਸ ਨੀਂਹਾਂ 'ਚ ਚਿਣ-ਸ਼ਹੀਦ ਕਰ ਦਿੱਤਾ। ਸਰਹਿੰਦ ਦਾ ਸ਼ਹੀਦੀ ਸਾਕਾ ਵਾਪਰਨ 'ਤੇ ਸੰਸਾਰ 'ਤੇ ਹਾਹਾਕਾਰ ਮਚ ਗਈ। ਏਨਾ ਜਬਰ-ਜ਼ੁਲਮ, ਤਸ਼ੱਦਦ, ਲਾਲ ਹਨੇਰੀ ਝੁੱਲੀ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਦਾਸਤਾਨ ਸੁਣ ਕੇ ਸਤਿਗੁਰੂ ਜੀ ਗਮਗੀਨ ਨਹੀਂ ਹੋਏ, ਸਗੋਂ ਫ਼ਖਰ ਨਾਲ ਕਿਹਾ ਸੀ:
ਇਨ ਪੁਤ੍ਰਨ ਕੇ ਸੀਸ ਮੈ ਵਾਰ ਦੀਏ ਸੁਤ ਚਾਰ।
ਚਾਰ ਮੁਏ ਤੋਂ ਕਿਆ ਭਲਾ ਜੀਵਤ ਕਈ ਹਜ਼ਾਰ।
ਸਰਹਿੰਦ ਦੇ ਦਰਦਮਈ ਸਾਕੇ 'ਤੇ ਨਵਾਬ ਮਲੇਰਕੋਟਲੇ, ਮੋਤੀ ਮਹਿਰੇ ਤੇ ਦੀਵਾਨ ਟੋਡਰ ਮੱਲ ਨੇ ਹਾਅ ਦਾ ਨਾਅਰਾ ਮਾਰਿਆ, ਜਿਸ ਸਦਕਾ ਸਿੱਖ ਹਮੇਸ਼ਾ ਇਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਨ। ਨਿੱਜੀ ਰੂਪ ਵਿਚ ਅਸੀਂ ਭਾਵੇਂ ਸਾਰੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਨਹੀਂ ਪਹੁੰਚ ਸਕਦੇ, ਪਰ ਸਾਨੂੰ ਇਨ੍ਹਾਂ ਦਿਨਾਂ ਦੇ ਸਦਮੇ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ। ਅਹਿਸਾਸ ਇਹ ਹੋਵੇ ਕਿ ਇਹ ਸਾਡਾ ਕੌਮੀ ਸ਼ਹੀਦੀ ਸਪਤਾਹ ਹੈ, ਇਸ ਦੌਰਾਨ ਅਸੀ ਖੁਸ਼ੀ ਦੇ ਪ੍ਰੋਗਰਾਮ ਨਹੀਂ ਰੱਖਣੇ, ਇਸ ਕੌਮੀ ਸਭਾ ਦੇ ਦਿਨਾਂ 'ਚ ਗੰਭੀਰਤਾ ਹੋਵੇ ਤੇ ਗ਼ਮ ਦਾ ਅਹਿਸਾਸ। ਆਓ ਇਨ੍ਹਾਂ ਦਿਨਾਂ 'ਚ ਗੁਰਮੁਖਾਂ ਵਾਂਗ ਸੰਗਤੀ ਰੂਪ 'ਚ ਬੈਠੀਏ ਤੇ ਯਾਦ ਕਰੀਏ ਮਹਾਨ ਕੁਰਬਾਨੀ ਨੂੰ।


-ਮੋਬਾਈਲ : 98146-37979 . Email : roopsz@yahoo.com

Ad Position 22
No active advertisement
ਪਿਛਲੀ ਖ਼ਬਰ ਪੂਰਾ ਸਾਲ ਆਪਣੀ ਹੋਂਦ ਦੀ ਲੜਾਈ ਲੜਦਾ ਰਿਹਾ ਪੰਜਾਬ ਅਗਲੀ ਖ਼ਬਰ ਸ਼ਹੀਦੀ ਸਾਕਾ
Ad Position 24
No active advertisement