ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2024

ਯੁੱਧ, ਅਸ਼ਾਂਤੀ ਅਤੇ ਚੋਣਾਂ ਦਾ ਸਾਲ-2024

Ad Position 21
No active advertisement
ਅਜੀਤ ਡੈਸਕ 29-12-2024

ਜੇਕਰ ਇਤਿਹਾਸ ਬਣਨ ਵੱਲ ਵਧ ਰਹੇ ਸਾਲ 2024 ਵੱਲ ਸੰਸਾਰ ਪੱਧਰ 'ਤੇ ਇਕ ਨਜ਼ਰ ਮਾਰੀਏ ਤਾਂ ਇਹ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਵਾਲਾ ਸਾਲ ਰਿਹਾ ਹੈ। ਇਕ ਪਾਸੇ ਜਿਥੇ ਇਹ ਦੂਜੇ ਵਿਸ਼ਵ ਤੋਂ ਬਾਅਦ ਹੁਣ ਤੱਕ ਸਭ ਤੋਂ ਜ਼ਿਆਦਾ ਯੁੱਧ ਅਤੇ ਅਸ਼ਾਂਤੀ ਵਾਲਾ ਸਾਲ ਰਿਹਾ, ਉਥੇ ਇਸ ਸਾਲ ਦੁਨੀਆ ਦੇ ਜਿੰਨੇ ਦੇਸ਼ਾਂ 'ਚ ਚੋਣਾਂ ਹੋਈਆਂ, ਪਿਛਲੇ 100 ਸਾਲਾਂ 'ਚ ਇੰਨੇ ਦੇਸ਼ਾਂ 'ਚ ਚੋਣਾਂ ਕਿਸੇ ਇਕ ਸਾਲ 'ਚ ਕਦੀ ਨਹੀਂ ਹੋਈਆਂ। ਭਾਰਤ, ਰੂਸ, ਅਮਰੀਕਾ ਤੋਂ ਲੈ ਕੇ ਪਾਕਿਸਤਾਨ, ਸ੍ਰੀਲੰਕਾ, ਬਰਤਾਨੀਆ ਅਤੇ ਫਰਾਂਸ ਸਮੇਤ ਇਸ ਸਾਲ 71 ਦੇਸ਼ਾਂ ਵਿਚ ਚੋਣਾਂ ਹੋ ਚੁੱਕੀਆਂ ਹਨ ਅਤੇ ਜਦੋਂ ਤੱਕ ਇਸ ਸਾਲ ਦਾ ਕੈਲੰਡਰ ਬਦਲੇਗਾ, ਉਦੋਂ ਤੱਕ ਕੁੱਲ 76 ਦੇਸ਼ਾਂ 'ਚ ਚੋਣਾਂ ਹੋ ਚੁੱਕੀਆਂ ਹੋਣਗੀਆਂ। ਦੁਨੀਆ ਦੀ 60 ਫ਼ੀਸਦੀ ਤੋਂ ਜ਼ਿਆਦਾ ਆਬਾਦੀ ਇਸ ਸਾਲ ਚੋਣਾਂ ਵਿਚੀਂ ਗੁਜ਼ਰੀ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਨਾਲ ਹੀ ਸਭ ਤੋਂ ਤਾਕਤਵਰ ਲੋਕਤੰਤਰ ਅਮਰੀਕਾ ਅਤੇ 'ਮਦਰ ਆਫ਼ ਡੈਮੋਕ੍ਰੇਸੀ' ਕਹੇ ਜਾਂਦੇ ਬਰਤਾਨੀਆ ਵਿਚ ਵੀ ਇਸੇ ਸਾਲ ਚੋਣਾਂ ਹੋਈਆਂ ਹਨ।
ਦੂਸਰੇ ਪਾਸੇ ਜੇਕਰ ਅਸ਼ਾਂਤੀ ਵੱਲ ਦੇਖੀਏ ਤਾਂ ਇਸ ਸਾਲ 56 ਦੇਸ਼ ਸਿੱਧੇ-ਅਸਿੱਧੇ ਤੌਰ 'ਤੇ ਯੁੱਧ 'ਚ ਭਿੜੇ ਹਨ, ਜਦੋਂ ਕਿ ਇਨ੍ਹਾਂ ਯੁੱਧਾਂ 'ਚ ਬਾਹਰੀ ਤੌਰ 'ਤੇ ਜੁੜੇ ਦੇਸ਼ਾਂ ਨੂੰ ਵੀ ਜੋੜ ਲਿਆ ਜਾਵੇ ਤਾਂ 'ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ' ਵਲੋਂ ਜਾਰੀ ਅੰਕੜਿਆਂ ਮੁਤਾਬਿਕ ਯੁੱਧ ਨਾਲ ਜੁੜੇ ਦੇਸ਼ਾਂ ਦੀ ਗਿਣਤੀ ਵਧ ਕੇ 92 ਹੋ ਜਾਂਦੀ ਹੈ। ਗਲੋਬਲ ਪੀਸ ਇੰਡੈਕਸ ਦੇ ਮੁਤਾਬਿਕ ਇਸ ਸਾਲ ਦੁਨੀਆ ਦੇ 163 ਦੇਸ਼ਾਂ ਵਿਚੋਂ 97 ਦੇਸ਼ ਅਸ਼ਾਂਤੀ ਦੀ ਦਲਦਲ ਵਿਚ ਫਸੇ ਹੋਏ ਹਨ। ਪਿਛਲੇ ਲਗਭਗ 80 ਸਾਲਾਂ 'ਚ ਭਾਵ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਵੀ ਇਕ ਸਾਲ 'ਚ ਇੰਨੇ ਲੋਕ ਜੰਗ ਤੇ ਭੁੱਖ ਨਾਲ ਨਹੀਂ ਮਰੇ, ਜਿੰਨੇ 2024 'ਚ ਮਰੇ ਹਨ। ਜਨਵਰੀ ਤੋਂ ਦਸੰਬਰ ਦੀ ਸ਼ੁਰੂਆਤ ਤੱਕ ਸਾਲ 2024 ਵਿਚ 2 ਲੱਖ, 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਸਿੱਧੇ ਤੌਰ 'ਤੇ ਜੰਗ ਦੇ ਸੰਘਰਸ਼ ਦੌਰਾਨ ਮੌਤ ਹੋ ਚੁੱਕੀ ਹੈ ਅਤੇ 4 ਲੱਖ ਤੋਂ ਜ਼ਿਆਦਾ ਲੋਕ ਗੰਭੀਰ ਰੂਪ ਵਿਚ ਨਕਾਰਾ ਹੋ ਚੁੱਕੇ ਸਨ।
ਸਾਲ 2024 ਸੰਸਾਰ ਪੱਧਰ 'ਤੇ ਇਕ ਡਰਾਉਣੇ ਸੁਪਨੇ ਵਾਂਗ ਰਿਹਾ ਹੈ। ਪੂਰੀ ਦੁਨੀਆ 'ਚ ਛਾਈ ਬਦਅਮਨੀ ਕਾਰਨ ਇਕੱਲੇ ਇਸ ਸਾਲ ਦੌਰਾਨ ਵਿਸ਼ਵ ਅਰਥ-ਵਿਵਸਥਾ ਨੂੰ 19.1 ਟ੍ਰਿਲੀਅਨ (19 ਲੱਖ 10 ਹਜ਼ਾਰ ਕਰੋੜ) ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਜੇਕਰ ਭਾਰਤ ਦੀ ਮੌਜੂਦਾ ਕੁੱਲ ਜੀ.ਡੀ.ਪੀ. ਨੂੰ 4 ਟ੍ਰਿਲੀਅਨ ਵੀ ਮੰਨ ਲਿਆ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਇਸ ਸਾਲ 'ਚ ਹੁਣ ਤੱਕ ਜਾਰੀ ਜੰਗਾਂ ਦੇ ਕਾਰਨ 5 ਭਾਰਤ ਵਰਗੇ ਦੇਸ਼ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੇ ਹਨ। ਇੰਸਟੀਚਿਊਟ ਆਫ਼ ਇਕਨਾਮਿਕਸ ਐਂਡ ਪੀਸ ਦੇ ਮੁਤਾਬਿਕ ਇਸ ਸਾਲ ਚੱਲਦੀਆਂ ਜੰਗਾਂ ਕਾਰਨ ਹੁਣ ਤੱਕ ਦੁਨੀਆ ਦੀ ਕੁੱਲ ਜੀ.ਡੀ.ਪੀ. ਦਾ ਕਰੀਬ 13.5 ਫ਼ੀਸਦੀ ਹਿੱਸਾ ਖ਼ਤਮ ਹੋ ਚੁੱਕਾ ਹੈ, ਜੋ ਰੁਪਇਆਂ 'ਚ ਕਰੀਬ 1612 ਲੱਖ ਕਰੋੜ ਰੁਪਏ ਬਣਦਾ ਹੈ। ਇਸ ਨੂੰ ਜੇਕਰ ਦੁਨੀਆ ਭਰ ਦੇ ਹਰੇਕ ਵਿਅਕਤੀ ਦੇ ਹਿੱਸੇ ਪਾਇਆ ਜਾਵੇ ਤਾਂ 2024 'ਚ ਕਰੀਬ 1,91,000 ਰੁਪਏ ਦਾ ਨੁਕਸਾਨ ਹਰੇਕ ਵਿਅਕਤੀ ਦਾ ਹੋਇਆ ਹੈ। ਯੂਕਰੇਨ, ਗਾਜ਼ਾ ਅਤੇ ਅਫ਼ਗਾਨਿਸਤਾਨ ਵਰਗੇ ਦੇਸ਼ਾਂ ਦੀ ਤਾਂ 60 ਫ਼ੀਸਦੀ ਤੋਂ ਜ਼ਿਆਦਾ ਜੀ.ਡੀ.ਪੀ. ਇਨ੍ਹਾਂ ਜੰਗਾਂ 'ਚ ਹੀ ਗਰਕ ਹੋ ਚੁੱਕੀ ਹੈ। ਪੂਰੀ ਦੁਨੀਆ 'ਚ ਇਸ ਸਾਲ ਦਸੰਬਰ ਤੱਕ 9.5 ਕਰੋੜ ਲੋਕ ਜਾਂ ਤਾਂ ਆਪਣਾ ਦੇਸ਼ ਛੱਡ ਕੇ ਕਿਸੇ ਦੂਸਰੀ ਜਗ੍ਹਾ ਰਹਿ ਰਹੇ ਹਨ ਜਾਂ ਆਪਣੇ ਹੀ ਦੇਸ਼ ਵਿਚ ਆਪਣੇ ਘਰਾਂ ਤੋਂ ਉੱਜੜ ਚੁੱਕੇ ਹਨ। ਸਾਲ 2024 ਹਿੰਸਕ ਪੱਧਰ 'ਤੇ ਬਹੁਤ ਹੀ ਖ਼ਤਰਨਾਕ ਸਾਲ ਸਾਬਤ ਹੋਇਆ ਹੈ।
7 ਅਕਤੂਬਰ, 2023 ਨੂੰ ਹਮਾਸ ਦੇ ਸੈਂਕੜੇ ਅੱਤਵਾਦੀਆਂ ਨੇ ਦੱਖਣੀ ਇਜ਼ਰਾਈਲ 'ਤੇ ਆਤਮਘਾਤੀ ਹਮਲਾ ਕਰਕੇ 1200 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ 250 ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਮਰਨ ਵਾਲਿਆਂ ਅਤੇ ਬੰਦੀ ਬਣਨ ਵਾਲਿਆਂ 'ਚ 200 ਤੋਂ ਜ਼ਿਆਦਾ ਬੱਚੇ ਵੀ ਸਨ। ਇਸ ਹਮਲੇ ਦਾ ਬਦਲਾ ਲੈਣ ਲਈ ਇਜ਼ਰਾਈਲ ਨੇ ਗਾਜ਼ਾ 'ਤੇ ਜੋ ਭਿਆਨਕ ਬੰਬਾਰੀ ਕਰਕੇ ਤਬਾਹੀ ਮਚਾਈ, ਉਸ ਦੇ ਚਲਦਿਆਂ ਦਸੰਬਰ 2024 ਦੀ ਸ਼ੁਰੂਆਤ ਤੱਕ 45,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ 7,000 ਤੋਂ ਜ਼ਿਆਦਾ ਮਾਸੂਮ ਬੱਚੇ ਹਨ। ਸਾਲ 2024 ਖ਼ੂਨ ਖਰਾਬੇ ਦੇ ਲਿਹਾਜ਼ ਨਾਲ ਕਿੰਨਾ ਦਿਲ ਦਹਿਲਾਉਣ ਵਾਲਾ ਰਿਹਾ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 24 ਫਰਵਰੀ, 2022 ਨੂੰ ਸ਼ੁਰੂ ਹੋਏ ਰੂਸ-ਯੂਕਰੇਨ ਯੁੱਧ 'ਚ ਹੁਣ ਤੱਕ 80,000 ਤੋਂ ਜ਼ਿਆਦਾ ਇਕੱਲੇ ਰੂਸੀ ਫ਼ੌਜੀਆਂ ਦੀ ਹੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਖ਼ੂਨ-ਖ਼ਰਾਬਾ ਕਿੰਨਾ ਭਿਆਨਕ ਹੈ। ਸਾਲ 2024 ਬਾਕੀ ਸਾਲਾਂ ਵਾਂਗ ਹੋਰ ਵੀ ਡਰਾਉਣੀਆਂ ਘਟਨਾਵਾਂ ਦਾ ਸ਼ਿਕਾਰ ਰਿਹਾ ਹੈ। ਪਰ ਜੰਗ ਅਤੇ ਦਹਿਸ਼ਤਵਾਦ ਦੀਆਂ ਘਟਨਾਵਾਂ ਇੰਝ ਭਾਰੂ ਰਹੀਆਂ ਹਨ ਕਿ ਬਾਕੀ ਘਟਨਾਵਾਂ ਮਹੱਤਵਪੂਰਨ ਹੀ ਨਹੀਂ ਲੱਗਦੀਆਂ। ਭਾਵ ਜਿਸ ਤਰ੍ਹਾਂ ਪਿਛਲੇ 5 ਦਹਾਕਿਆਂ ਤੋਂ ਸੀਰੀਆ 'ਚ ਅੱਤਵਾਦ ਅਤੇ ਦਮਨ ਦਾ ਰਾਜ ਕਾਇਮ ਸੀ, ਉਸ ਤੋਂ ਸੀਰੀਆ ਦੇ ਲੋਕਾਂ ਨੂੰ ਇਸ ਸਾਲ 7 ਦਸੰਬਰ ਨੂੰ ਬਸ਼ਰ-ਅਲ-ਅਸਦ ਦੇ ਤਖ਼ਤ ਪਲਟੇ ਨਾਲ ਮੁਕਤੀ ਮਿਲ ਗਈ ਹੈ। ਉਸ ਨੇ 24 ਸਾਲ ਪਹਿਲਾਂ ਆਪਣੇ ਜ਼ਾਲਮ ਪਿਤਾ ਹਾਫ਼ਿਜ਼-ਅਲ-ਅਸਦ ਦੇ 29 ਸਾਲਾਂ ਤੱਕ ਖ਼ੂਨੀ ਰਾਜ ਤੋਂ ਬਾਅਦ ਸੱਤਾ ਸੰਭਾਲੀ ਸੀ, ਉਦੋਂ ਤੋਂ ਅਸਦ ਦੇ ਵਿਰੁੱਧ ਉਥੋਂ ਦੇ ਲੋਕਾਂ ਦਾ ਵਿਰੋਧ ਜਾਰੀ ਸੀ, ਪਰ ਫ਼ੈਸਲਾਕੁੰਨ ਰੂਪ ਵਿਚ ਇਸ ਵਾਰ ਜਦੋਂ ਵਿਰੋਧੀ ਗੁੱਟ ਹਯਾਤ-ਤਹਰੀਰ-ਅਲ-ਸਾਮ (ਐਚ.ਟੀ.ਐਸ.) ਨੇ 27 ਨਵੰਬਰ ਨੂੰ ਨਵੇਂ ਸਿਰੇ ਤੋਂ ਜੰਗ ਛੇੜੀ ਤਾਂ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਸੀਰੀਆ ਦੀ ਸੱਤਾ ਇਕਦਮ ਰੇਤ ਦੇ ਕਿਲ੍ਹੇ ਵਾਂਗ ਢਹਿ-ਢੇਰੀ ਹੋ ਗਈ। ਇਸ ਤਰ੍ਹਾਂ 53 ਸਾਲਾਂ ਤੋਂ ਬਾਪ-ਬੇਟੇ ਦੇ ਜ਼ਾਲਮ ਸ਼ਾਸਨ ਦਾ ਅੰਤ ਹੋ ਗਿਆ। ਬਸ਼ਰ-ਅਲ-ਅਸਦ ਨੂੰ ਭੱਜ ਕੇ ਰੂਸ ਵਿਚ ਪਨਾਹ ਲੈਣੀ ਪਈ।
ਇਹ ਸਾਲ ਇਕ ਤਰ੍ਹਾਂ ਨਾਲ ਚੋਣਾਂ ਲਈ ਚੈਂਪੀਅਨ ਸਾਲ ਰਿਹਾ। ਸਾਲ ਦੇ ਜਾਂਦੇ-ਜਾਂਦੇ 3 ਦਸੰਬਰ, 2024 ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਮਾਰਸ਼ਲ ਲਾਅ ਲਗਾ ਦਿੱਤਾ। ਪਰ ਆਪਣੇ ਲੋਕਤੰਤਰੀ ਅਧਿਕਾਰਾਂ ਲਈ ਸੰਵੇਦਨਸ਼ੀਲ ਕੋਰਿਆਈ ਨਾਗਰਿਕਾਂ ਅਤੇ ਉਥੋਂ ਦੀਆਂ ਵੱਖ-ਵੱਖ ਪਾਰਟੀਆਂ ਦੇ ਰਾਜਨੇਤਾ ਆਪਸੀ ਸਾਰੇ ਮਤਭੇਦ ਭੁਲਾ ਕੇ ਰਾਸ਼ਟਰਪਤੀ ਯੋਲ ਦੇ ਖਿਲਾਫ਼ ਲਾਮਬੰਦ ਹੋ ਗਏ ਅਤੇ ਹੁਣ ਉਨ੍ਹਾਂ 'ਤੇ ਮੁਕੱਦਮਾ ਚਲਾਏ ਜਾਣ ਦੀ ਤਿਆਰੀ ਹੈ। ਸਾਲ 2024 ਭਾਰਤ ਦੇ ਗੁਆਂਢੀ ਦੇਸ਼ ਖਾਸ ਕਰਕੇ ਬੰਗਲਾਦੇਸ਼ ਲਈ ਮਾੜਾ ਰਿਹਾ। 5 ਅਗਸਤ ਨੂੰ ਪ੍ਰਧਾਨ ਮੰਤਰੀ ਸ਼ੇਖ਼ ਹੁਸੀਨਾ ਵਾਜਿਦ ਨੂੰ ਢਾਕਾ ਤੋਂ ਭੱਜ ਕੇ ਦਿੱਲੀ ਆਉਣਾ ਪਿਆ। ਦੂਸਰੇ ਪਾਸੇ ਪਾਕਿਸਤਾਨ 'ਚ ਚੋਣਾਂ ਤਾਂ ਹੋਈਆਂ ਪਰ ਉਨ੍ਹਾਂ 'ਤੇ ਸ਼ਾਇਦ ਹੀ ਕੋਈ ਯਕੀਨ ਕਰ ਰਿਹਾ ਹੋਵੇ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਈ ਕੋਸ਼ਿਸ਼ਾਂ ਦੇ ਬਾਵਜੂਦ ਜੇਲ੍ਹ ਤੋਂ ਬਾਹਰ ਨਹੀਂ ਆ ਸਕਿਆ ਪਰ ਸ੍ਰੀਲੰਕਾ 'ਚ ਚੋਣਾਂ ਸ਼ਾਂਤੀਪੂਰਨ ਨੇਪਰੇ ਚੜ੍ਹ ਗਈਆਂ। ਇਸ ਸਾਲ ਇਕ ਤਰ੍ਹਾਂ ਜਿਥੇ ਦੁਨੀਆ ਜੰਗ ਅਤੇ ਹਿੰਸਾ ਨਾਲ ਲਹੂ-ਲੁਹਾਣ ਹੋਈ, ਉਥੇ ਦੂਸਰੇ ਪਾਸੇ ਵਿਸ਼ਵ ਅਰਥ-ਵਿਵਸਥਾ ਪੂਰਾ ਸਾਲ ਬੁਰੇ ਹਾਲ 'ਚ ਰਹੀ। ਆਈ.ਐਮ.ਐਫ. ਨੇ ਜੰਗ ਅਤੇ ਦੰਗਾਗ੍ਰਸਤ ਦੁਨੀਆ 'ਚ 3.2 ਫ਼ੀਸਦੀ ਸਾਲਾਨਾ ਵਿਕਾਸ ਦਰ ਦਾ ਅਨੁਮਾਨ ਲਗਾਇਆ ਸੀ ਪਰ ਇਹ ਵੀ ਹਾਸਿਲ ਹੁੰਦੀ ਦਿਖਾਈ ਨਹੀਂ ਦੇ ਰਹੀ। ਜੇਕਰ ਇਸ ਸਾਲ ਹੋਏ ਵਿਸ਼ਵ ਵਪਾਰ ਨੂੰ ਯੁੱਧ ਅਤੇ ਅੱਤਵਾਦ ਦੀ ਮਾਰ ਨਾ ਝੱਲਣੀ ਪੈਂਦੀ ਤਾਂ ਵਿਸ਼ਵ ਵਪਾਰ ਵਧ ਕੇ 40 ਟ੍ਰਿਲੀਅਨ (40 ਲੱਖ ਕਰੋੜ) ਤੱਕ ਪਹੁੰਚ ਜਾਣ ਦੀ ਉਮੀਦ ਸੀ। ਪਰ ਇਹ 33 ਟ੍ਰਿਲੀਅਨ (33 ਲੱਖ ਕਰੋੜ) ਤੱਕ ਹੀ ਹੋ ਸਕਿਆ, ਹਾਲਾਂਕਿ ਇਹ ਵੀ ਇਕ ਬੁਹਤ ਵੱਡੀ ਵਪਾਰਕ ਰਕਮ ਹੈ।
ਜਦੋਂ 18-19 ਨਵੰਬਰ, 2024 ਨੂੰ ਜੀ-20 ਸਿਖਰ ਸੰਮੇਲਨ ਬ੍ਰਾਜ਼ੀਲ ਦੇ ਰੀਓ ਡੀ ਜੇਨਰੀਓ ਦੇ ਆਧੁਨਿਕ ਕਲਾ ਅਜਾਇਬ ਘਰ 'ਚ ਖ਼ਤਮ ਹੋਇਆ, ਉਸ ਸਮੇਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਨੇਤਾਵਾਂ ਦਾ ਇਹੀ ਕਹਿਣਾ ਸੀ ਕਿ ਜੇਕਰ ਇਕ ਨਿਆਂਪੂਰਨ ਅਤੇ ਸੱਚੇ ਵਿਸ਼ਵ ਦਾ ਨਿਰਮਾਣ ਨਾ ਹੋ ਸਕਿਆ ਤਾਂ ਦੁਨੀਆ 'ਤੇ ਅਨਿਸ਼ਚਿਤਾ ਦੇ ਬੱਦਲ ਮੰਡਰਾਉਣ ਲੱਗਣਗੇ। ਪਰ ਦੁਨੀਆ ਦੇ ਵੱਡੇ ਨੇਤਾ ਮਿਲ ਬੈਠ ਕੇ ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਵੱਡੀਆਂ-ਵੱਡੀਆਂ ਕਰ ਲੈਣ, ਪਰ ਕਿਸੇ ਸਾਕਾਰਾਤਮਿਕ ਨਤੀਜੇ ਤਕ ਮੁਸ਼ਕਿਲ ਨਾਲ ਵੀ ਨਹੀਂ ਪਹੁੰਚਦੇ, ਜਿਸ ਦਾ ਨਤੀਜਾ ਹੈ ਕਿ ਦੁਨੀਆ ਦਾ ਵਾਤਾਵਰਨ ਲਗਾਤਾਰ ਵਿਗੜਦਾ ਜਾ ਰਿਹਾ ਹੈ। ਪਿਛਲੇ ਤਿੰਨ ਜਲਵਾਯੂ ਪਰਿਵਰਤਨਾਂ ਸੰਬੰਧੀ ਸੰਮੇਲਨਾਂ 'ਚ ਇਸ ਗੱਲ 'ਤੇ ਸਹਿਮਤੀ ਬਣ ਰਹੀ ਹੈ ਕਿ ਜਿਨ੍ਹਾਂ ਵਿਕਸਿਤ ਦੇਸ਼ਾਂ ਨੇ ਆਪਣੇ ਵਿਕਾਸ ਲਈ ਅੰਨ੍ਹੇਵਾਹ ਕਾਰਬਨ ਪੈਦਾ ਕੀਤੀ ਹੈ, ਉਨ੍ਹਾਂ ਨੂੰ ਦੁਨੀਆ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਆਰਥਿਕ ਸਹਾਇਤਾ ਦੇਣੀ ਚਾਹੀਦੀ ਹੈ, ਪਰ ਸਿਧਾਂਤਕ ਰੂਪ 'ਚ ਸਹਿਮਤ ਹੋਣ ਤੋਂ ਬਾਅਦ ਵੀ ਅਜਿਹਾ ਨਹੀਂ ਹੋ ਰਿਹਾ ਅਤੇ ਧਰਤੀ ਦੀ ਸਿਹਤ ਬਦ-ਤੋਂ-ਬਦਤਰ ਹੁੰਦੀ ਜਾ ਰਹੀ ਹੈ।

-ਇਮੇਜ ਰਿਫਲੈਕਸ਼ਨ ਸੈਂਟਰ।

Ad Position 22
No active advertisement
ਪਿਛਲੀ ਖ਼ਬਰ knaiya ਅਗਲੀ ਖ਼ਬਰ ਵਿੱਛੜ ਗਈਆਂ ਸ਼ਖ਼ਸੀਅਤਾਂ ... <br/>
Ad Position 24
No active advertisement