ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2020

ਕੋਰੋਨਾ ਦੇ ਤਾਂਡਵ ਨਾਲ ਕੰਬਦੀ ਰਹੀ ਦੁਨੀਆ...!

Ad Position 21
No active advertisement
ਅਜੀਤ ਡੈਸਕ 27-12-2020

ਉਂਝ ਤਾਂ ਮਨੁੱਖੀ ਇਤਿਹਾਸ ਵਿਚ ਕਈ ਇਸ ਤਰ੍ਹਾਂ ਦੇ ਸਾਲ ਨਹੀਂ ਲੰਘੇ, ਜਦੋਂ ਕਿਸੇ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣੀ ਦਹਿਸ਼ਤ ਮਚਾਈ ਹੋਵੇ। ਪਰ ਸ਼ਾਇਦ ਸਾਲ 2020 ਇਸ ਮਾਅਨੇ ਵਿਚ ਜ਼ਿਆਦਾ ਹੀਡਰਾਉਣਾ ਰਿਹਾ ਕਿ ਹੁਣ ਤੱਕ ਦੇ ਇਤਿਹਾਸ ਵਿਚ ਇਹ ਪਹਿਲਾ ਇਸ ਤਰ੍ਹਾਂ ਦਾ ਸਾਲ ਰਿਹਾ ਹੈ, ਜਦੋਂ ਲਗਪਗ ਪੂਰੀ ਦੁਨੀਆ ਇਕੋ ਵੇਲੇ ਇਸ ਮਹਾਂਮਾਰੀ ਦੇ ਸ਼ਿਕੰਜੇ ਵਿਚ ਦੱਬੀ ਕੰਬਦੀ, ਕਹਿਰਾਉਂਦੀ ਰਹੀ। ਕੀ ਛੋਟੇ, ਕੀ ਵੱਡੇ, ਕੀ ਵਿਕਸਿਤ, ਕੀ ਵਿਕਾਸਸ਼ੀਲ, ਕੋਰੋਨਾ ਦੇ ਤਾਂਡਵ ਤੋਂ ਕੋਈ ਵੀ ਦੇਸ਼ ਬਚ ਨਹੀਂ ਸਕਿਆ। ਸੱਚ ਤਾਂ ਇਹ ਹੈ ਕਿ ਵਿਕਸਿਤ ਅਤੇ ਤਾਕਤਵਰ ਦੇਸ਼ਾਂ ਨੂੰ ਕੋਰੋਨਾ ਨੇ ਲਗਦਾ ਹੈ ਜਾਣਬੁੱਝ ਕੇ ਆਪਣਾ ਜ਼ਿਆਦਾ ਹੀ ਭਿਆਨਕ ਰੂਪ ਦਿਖਾਇਆ ਹੈ। ਅਮਰੀਕਾ, ਭਾਰਤ, ਬ੍ਰਾਜ਼ੀਲ, ਰੂਸ, ਫਰਾਂਸ, ਬਰਤਾਨੀਆ ਅਤੇ ਇਟਲੀ, ਇਹ ਉਹ ਦੇਸ਼ ਹਨ ਜਿਨ੍ਹਾਂ ਦੀ ਅਰਥਵਿਵਸਥਾ ਜਾਂ ਸਿਹਤ ਸਬੰਧੀ ਬੁਨਿਆਦੀ ਢਾਂਚਾ ਬਾਕੀ ਸਭ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਚੰਗੇ ਮੰਨੇ ਜਾਂਦੇ ਹਨ। ਪਰ ਜੇਕਰ ਧਿਆਨ ਨਾਲ ਦੇਖੀਏ ਤਾਂ ਕੋਰੋਨਾ ਨੇ ਇਨ੍ਹਾਂ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਤਾਂਡਵ ਕੀਤਾ ਹੈ ਜਿਵੇਂ ਉਹ ਇਨ੍ਹਾਂ ਦੇਸ਼ਾਂ ਨੂੰ ਉਨ੍ਹਾਂ ਦੀ ਔਕਾਤ ਦਿਖਾਉਣਾ ਚਾਹੁੰਦਾ ਹੋਵੇ।
15 ਦਸੰਬਰ 2020 ਤੱਕ ਅਮਰੀਕਾ ਵਿਚ ਕੋਰੋਨਾ ਦੇ ਕੁੱਲ ਮਰੀਜ਼ 1,69,42,980 ਸਨ, ਜਿਨ੍ਹਾਂ ਵਿਚੋਂ 3,08,091 ਦੀ ਮੌਤ ਹੋ ਚੁੱਕੀ ਸੀ। ਦੂਜੇ ਨੰਬਰ 'ਤੇ ਮਰਨ ਵਾਲਿਆਂ ਦੇ ਲਿਹਾਜ਼ ਨਾਲ ਬ੍ਰਾਜ਼ੀਲ ਸੀ, ਜਿਥੇ 69,29,409 ਕੁੱਲ ਕੋਰੋਨਾ ਦੇ ਮਰੀਜ਼ ਸਨ ਅਤੇ ਇਨ੍ਹਾਂ ਵਿਚੋਂ 1,81,945 ਲੋਕਾਂ ਦੀ ਮੌਤ ਹੋ ਚੁੱਕੀ ਸੀ। ਮਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਤੀਜੇ ਨੰਬਰ 'ਤੇ ਸੀ, ਜਦੋਂ ਕਿ ਮਰੀਜ਼ਾਂ ਦੀ ਗਿਣਤੀ ਦੇ ਮਾਮਲਿਆਂ ਵਿਚ ਦੂਜੇ ਨੰਬਰ 'ਤੇ। ਭਾਰਤ ਵਿਚ 99,06,507 ਕੋਰੋਨਾ ਨਾਲ ਹੁਣ ਤੱਕ ਮਰੀਜ਼ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 1,43,746 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲ ਮਿਲਾ ਕੇ ਕਹਿਣ ਦੀ ਗੱਲ ਇਹ ਹੈ ਕਿ ਸਾਲ 2020 ਪੂਰੀ ਤਰ੍ਹਾਂ ਨਾਲ ਕੋਰੋਨਾ ਦੀ ਦਹਿਸ਼ਤ ਦੇ ਖਾਤੇ ਵਿਚ ਰਿਹਾ। ਦੁਨੀਆ ਦੀ ਲਗਪਗ ਸੱਢੇ ਸੱਤ ਕਰੋੜ ਆਬਾਦੀ 15 ਦਸੰਬਰ 2020 ਤੱਕ ਕੋਰੋਨਾ ਦੀ ਸ਼ਿਕਾਰ ਹੋ ਚੁੱਕੀ ਸੀ ਅਤੇ ਹੁਣ ਵੀ ਹਰ ਦਿਨ ਤਕਰੀਬਨ 10 ਲੱਖ ਕੋਰੋਨਾ ਦੇ ਲੱਛਣਾਂ ਵਾਲੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਨੂੰ ਸਾਲ 2020 ਦੇ ਹਿੱਸੇ ਵਜੋਂ ਦੇਖਿਆ ਜਾਵੇ ਤਾਂ ਇਸ ਨੇ ਸਭ ਕੁਝ ਖੋਹ ਲਿਆ ਹੈ ਜਿਵੇਂ ਵਿਕਾਸ, ਵਪਾਰ, ਨਵੀਆਂ ਯੋਜਨਾਵਾਂ, ਨਵੀਆਂ ਉਮੀਦਾਂ, ਨਵੀਆਂ ਮੀਟਿੰਗਾਂ ਅਤੇ ਲਗਪਗ ਸਭ ਕੁਝ।
ਜੇਕਰ ਕੌਮਾਂਤਰੀ ਕਾਰੋਬਾਰ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਕੋਰੋਨਾ ਨਾਲ ਵਿਸ਼ਵ ਅਰਥਵਿਵਸਥਾ ਨੂੰ ਤਕਰੀਬਨ 25 ਖਰਬ ਡਾਲਰ ਦਾ ਨੁਕਸਾਨ ਹੋਇਆ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੋਰੋਨਾ ਦੇ ਡਰ ਨਾਲ ਇਸ ਸਾਲ ਪਿਛਲੇ 60-70 ਸਾਲਾਂ ਵਿਚ ਬਣਾਈਆਂ ਗਈਆਂ ਸਭ ਨੀਤੀਆਂ ਅਤੇ ਰਣਨੀਤੀਆਂ ਨੂੰ ਵੀ ਇਸ ਕੋਰੋਨਾ ਦੀ ਦਹਿਸ਼ਤ ਵਿਚ ਛੱਡਦੇ ਹੋਏ ਦੇਖਿਆ ਹੈ। ਜਿਵੇਂ ਪਿਛਲੀ ਸਦੀ ਦੇ 90 ਦੇ ਦਹਾਕੇ ਵਿਚ ਵਾਰ-ਵਾਰ ਭੂਮੰਡਲੀਕਰਨ ਦੇ ਪੱਖ ਵਿਚ ਇਹ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਇਸ ਨਾਲ ਕਿਸੇ ਡੂੰਘੀ ਸੰਸਾਰਕ ਮੁਸੀਬਤ ਦੇ ਸਮੇਂ ਦੁਨੀਆ ਇਕੱਠੀ ਹੋ ਕੇ ਉਸ ਮੁਸੀਬਤ ਦੇ ਵਿਰੁੱਧ ਖੜ੍ਹੀ ਹੋਵੇਗੀ। ਉਦੋਂ ਵੱਖ-ਵੱਖ ਦੇਸ਼ ਛੋਟੇ-ਛੋਟੇ ਨਿੱਜੀ ਹਿਤ ਛੱਡ ਦੇਣਗੇ ਅਤੇ ਪੂਰੀ ਦੁਨੀਆ ਮਹਾਂਮਾਰੀ ਖਿਲਾਫ਼ ਇਕੱਠਿਆਂ ਖੜ੍ਹੀ ਹੋਵੇਗੀ ਪਰ ਕੋਰੋਨਾ ਦੇ ਤਾਂਡਵ ਵਿਚ ਅਸੀਂ ਸਾਲ 2020 ਵਿਚ ਦੇਖਿਆ ਕਿ ਕਿਵੇਂ ਸਭ ਦੇਸ਼ਾਂ ਨੇ ਮਹਾਂਮਾਰੀ ਦੇ ਪੈਰ ਫੈਲਾਉਂਦਿਆਂ ਹੀ ਆਪਣੀਆਂ ਸਰਹੱਦਾਂ ਪੂਰੀ ਦੁਨੀਆ ਲਈ ਬੰਦ ਕਰ ਦਿੱਤੀਆਂ। ਆਪਣੇ ਸਾਧਨਾਂ ਨੂੰ ਸਿਰਫ਼ ਆਪਣੇ 'ਤੇ ਖਰਚ ਕਰਨ ਦੇ ਨਿਯਮ ਬਣਾ ਲਏ। ਇਕ ਝਟਕੇ ਵਿਚ ਸਾਰਾ ਸੰਸਾਰਕ ਭਾਈਚਾਰਾ ਅਤੇ ਭੂਮੰਡਲੀਕਰਨ ਦੇ ਚੁੰਬਕੀ ਪਹਿਲੂ ਗ਼ਾਇਬ ਹੋ ਗਏ।
ਮਈ 2020 ਤੱਕ ਤਕਰੀਬਨ ਸਾਰੇ ਦੇਸ਼ਾਂ ਨੇ ਆਪਣੇ ਇਥੇ ਦੂਜੇ ਦੇਸ਼ਾਂ ਦੀਆਂ ਉਡਾਣਾਂ ਆਉਣ 'ਤੇ ਰੋਕ ਲਗਾ ਦਿੱਤੀ ਜਦੋਂ ਕਿ ਯੂਰਪ ਦੇ ਕਈ ਦੇਸ਼ਾਂ ਅਤੇ ਅਮਰੀਕਾ ਨੇ ਇਹ ਫ਼ੈਸਲਾ ਅਪ੍ਰੈਲ ਵਿਚ ਹੀ ਲੈ ਲਿਆ ਸੀ। ਕਈ ਵਾਰ ਕਈ ਸੰਕਟ ਜਾਣੇ-ਅਣਜਾਣੇ ਆਪਣੇ ਆਉਣ ਦੀ ਆਹਟ ਪਹਿਲੇ ਹੀ ਦੇਣ ਲਗਦੇ ਹਨ। ਜਦੋਂ ਜਨਵਰੀ ਦੇ ਮਹੀਨੇ ਵਿਚ ਵਿਸ਼ਵ ਸਿਹਤ ਸੰਗਠਨ ਸਾਲ 2020 ਨੂੰ ਨਰਸਾਂ ਅਤੇ ਦਵਾਈਆਂ ਦਾ ਸਾਲ ਐਲਾਨ ਕਰ ਰਿਹਾ ਸੀ, ਉਦੋਂ ਭਲਾ ਕਿਸ ਨੂੰ ਪਤਾ ਸੀ ਕਿ ਸਾਲ 2020 ਵਿਚ ਸਭ ਤੋਂ ਜ਼ਿਆਦਾ ਨਰਸਾਂ ਅਤੇ ਦਵਾਈਆਂ ਦੀ ਹੀ ਭੂਮਿਕਾ ਰਹੇਗੀ। 12 ਫਰਵਰੀ 2020 ਨੂੰ ਅਖੀਰ ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾ ਮਹਾਂਮਾਰੀ ਨੂੰ ਕੋਵਿਡ-19 ਦਾ ਨਾਂਅ ਦੇਣਾ ਪਿਆ ਅਤੇ ਇਤਿਹਾਸ ਵਿਚ ਕਿਸੇ ਮਹਾਂਮਾਰੀ ਦੇ ਸਭ ਤੋਂ ਭਿਆਨਕ ਤਾਂਡਵ ਦਾ ਦਰਜ ਹੋਣਾ ਸ਼ੁਰੂ ਹੋ ਗਿਆ। ਸਾਲ 2020 ਕੋਰੋਨਾ ਮਹਾਂਮਾਰੀ ਦੀ ਤਰ੍ਹਾਂ ਹੀ ਲੋਕਤੰਤਰ ਲਈ 'ਟਰੰਪ ਟ੍ਰਬਲ' ਦੇ ਰੂਪ ਵਿਚ ਵੀ ਜਾਣਿਆ ਜਾਵੇਗਾ। 7 ਨਵੰਬਰ 2020 ਨੂੰ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਟਰੰਪ ਦੀ ਹਾਰ ਕੋਈ ਧਮਾਕਾ ਨਹੀਂ ਸੀ, ਕਿਉਂਕਿ ਇਹ ਕਈ ਮਹੀਨੇ ਪਹਿਲਾਂ ਤੋਂ ਹੀ ਕੰਧ 'ਤੇ ਲਿਖੀ ਇਬਾਰਤ ਅਨੁਸਾਰ ਦਿਸਣ ਲੱਗਿਆ ਸੀ। ਧਮਾਕਾ ਸੀ ਤਾਂ ਉਹ ਟਰੰਪ ਦੇ ਬੇਤੁਕੇ ਬਿਆਨ ਸਨ, ਜੋ ਇਸ ਪੂਰੇ ਸਾਲ ਰਹਿ-ਰਹਿ ਕੇ ਆਉਂਦੇ ਰਹੇ।
ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਗੁੱਸੇ ਨਾਲ ਘਿਰੇ ਅਤੇ ਕੋਰੋਨਾ ਦੇ ਸੰਕ੍ਰਮਣ ਨੂੰ ਕੰਟਰੋਲ ਨਾ ਕਰ ਸਕਣ ਕਾਰਨ ਪ੍ਰੇਸ਼ਾਨ ਰਾਸ਼ਟਰਪਤੀ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕ ਦਿੱਤੀ ਭਾਵ ਉਨ੍ਹਾਂ ਨੇ ਉਸ ਨੂੰ ਅਮਰੀਕਾ ਵਲੋਂ ਦਿੱਤੀ ਜਾਣ ਵਾਲੀ ਦੇਣਦਾਰੀ ਨੂੰ ਰੋਕ ਦਿੱਤਾ। ਉਹ ਇਕ ਵਾਰ ਨਹੀਂ ਸਗੋਂ ਵਾਰ-ਵਾਰ ਕੋਰੋਨਾ ਵਾਇਰਸ ਨੂੰ ਚੀਨ ਵਲੋਂ ਪ੍ਰੋਯਗਸ਼ਾਲਾ ਵਿਚ ਬਣਾਏ ਜਾਣਾ ਦੱਸਦੇ ਰਹੇ ਅਤੇ ਹੱਦ ਤਾਂ ਇਹ ਹੈ ਕਿ ਅਪ੍ਰੈਲ ਦੇ ਸ਼ੁਰੂ ਵਿਚ ਇਹ ਵੀ ਕਹਿ ਦਿੱਤਾ ਕਿ ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਰਦੇਸ਼ਕ ਟ੍ਰੇਡੋਸ ਗੇਬ੍ਰੇਰਯੇਸੁਸ ਚੀਨ ਦੇ ਏਜੰਟ ਦੀ ਤਰ੍ਹਾਂ ਕੰਮ ਕਰ ਰਹੇ ਹਨ। ਜੇਕਰ ਕੋਰੋਨਾ ਨੇ ਇਸ ਸਾਲ ਏਨਾ ਆਤੰਕੀ ਤਾਂਡਵ ਨਾ ਕੀਤਾ ਹੁੰਦਾ ਤਾਂ ਨਿਸਚਿਤ ਤੌਰ 'ਤੇ ਇਹ ਸਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਬੇਤੁਕੀਆਂ ਹਰਕਤਾਂ ਅਤੇ ਬੇਤੁਕੀਆਂ ਟਿੱਪਣੀਆਂ ਲਈ ਯਾਦ ਰੱਖਿਆ ਜਾਂਦਾ। ਉਨ੍ਹਾਂ ਨੇ ਹਾਰ ਮੰਨਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਚੀਨ ਦੇ ਇਸ਼ਾਰੇ 'ਤੇ ਕੰਮ ਕਰਨ ਵਾਲਾ ਕਹਿ ਦਿੱਤਾ। ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਹਮੇਸ਼ਾ ਚੀਨੀ ਵਾਇਰਸ ਕਿਹਾ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਅਤੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਨੂੰ ਡਰਪੋਕ ਅਤੇ ਪਤਾ ਨਹੀਂ ਹੋਰ ਕੀ ਕੀ ਕਿਹਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਧਾਂਦਲੀ ਦੱਸਿਆ। ਅਮਰੀਕਾ ਦੀ ਸਰਬੋਤਮ ਅਦਾਲਤ ਵਿਚ ਇਸ ਨੂੰ ਚੁਣੌਤੀ ਦਿੱਤੀ ਅਤੇ ਅਖੀਰ ਵਿਚ ਸਮੁੱਚੀ ਚੋਣ ਮਸ਼ੀਨਰੀ ਨੂੰ ਭ੍ਰਿਸ਼ਟ ਦੱਸਿਆ।
ਜੇਕਰ ਵਾਕਈ ਕੋਰੋਨਾ ਵਰਗੀ ਮਹਾਂਮਾਰੀ ਨੇ ਦੁਨੀਆ ਨੂੰ ਝੰਜੋੜ ਨਾ ਦਿੱਤਾ ਹੁੰਦਾ ਤਾਂ ਇਹ ਸਾਲ ਟਰੰਪ ਦੇ ਇਨ੍ਹਾਂ ਬੇਤੁਕੇ ਅਤੇ ਖਿਝੇ ਹੋਏ ਬੇਹੂਦਾ ਬਿਆਨਾਂ ਦੇ ਨਾਂਅ ਹੁੰਦਾ। ਸਾਲ 2020 ਕੋਰੋਨਾ ਦੇ ਚਲਦਿਆਂ ਪੈਦਾ ਹੋਈਆਂ ਕਈ ਮਹਾਂਮਾਰੀਆਂ ਦਾ ਸਾਂਝਾ ਸਾਲ ਵੀ ਰਿਹਾ। ਜਿਵੇਂ ਇਸ ਸਾਲ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਏਨੀਆ ਘੱਟ ਹੋ ਗਈਆਂ ਕਿ ਤੇਲ ਕੰਪਨੀਆਂ ਨੂੰ ਤੇਲ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਮੁਫ਼ਤ ਵਿਚ ਦੇਣਾ ਵੀ ਘਾਟੇ ਦਾ ਸੌਦਾ ਹੋ ਗਿਆ। ਜਿਵੇਂ ਅਸੀਂ ਕਈ ਵਾਰ ਹਿੰਦੁਸਤਾਨ ਵਿਚ ਪਿਆਜ਼, ਟਮਾਟਰ ਅਤੇ ਲਸਣ ਵਰਗੀਆਂ ਮੌਸਮੀ ਫਸਲਾਂ ਨੂੰ ਪੈਦਾ ਕਰਨ ਵਾਲੇ ਕਿਸਾਨਾਂ ਬਾਰੇ ਸੁਣਦੇ ਹਾਂ ਕਿ ਬਾਜ਼ਾਰ ਵਿਚ ਏਨੀ ਘੱਟ ਕੀਮਤ ਸੀ ਕਿ ਉਨ੍ਹਾਂ ਨੇ ਆਪਣੇ ਉਤਪਾਦਨ ਨੂੰ ਸੜਕ 'ਤੇ ਸੁੱਟ ਦੇਣਾ ਜ਼ਿਆਦਾ ਸਹੀ ਸਮਝਿਆ। ਇਹੀ ਹਾਲ ਇਸ ਸਾਲ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦਾ ਹੋ ਗਿਆ ਕਿਉਂਕਿ ਤਕਰੀਬਨ ਪੂਰੀ ਦੁਨੀਆ ਵਿਚ ਤਾਲਾਬੰਦੀ ਦੇ ਚਲਦਿਆਂ ਪੈਟਰੋ ਉਤਪਾਦਾਂ ਦੀ ਜ਼ਰਾ ਵੀ ਮੰਗ ਨਹੀਂ ਰਹੀ।
ਭਾਰਤ ਲਈ ਇਹ ਸਾਲ ਇਸ ਲਈ ਵੀ ਮਹੱਤਵਪੂਰਨ ਰਿਹਾ ਕਿ ਸਿਹਤ ਮੰਤਰੀ ਡਾ: ਹਰਸ਼ਵਰਧਨ ਨੂੰ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦਾ ਨਿਰਦੇਸ਼ਕ ਚੁਣਿਆ ਗਿਆ ਤੇ ਜੂਨ ਦੇ ਮਹੀਨੇ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਭਾਰਤ ਨੂੰ ਅਸਥਾਈ ਮੈਂਬਰ ਵੀ ਚੁਣਿਆ ਗਿਆ। ਜੂਨ ਆਉਂਦੇ-ਆਉਂਦੇ ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਵਿਚ ਜੋ ਤਣਾਅ ਪੈਦਾ ਹੋਇਆ, ਉਸ ਵਿਚ ਪੂਰੀ ਦੁਨੀਆ ਦੇ ਫ਼ੌਜੀ ਨੀਤੀ ਘਾੜਿਆਂ ਦਾ ਆਪਣੇ ਵੱਲ ਧਿਆਨ ਖਿੱਚਿਆ, ਤੇ ਉਥੇ ਪੂਰੇ ਸਾਲ ਅਮਰੀਕਾ ਵਿਚ ਜਾਰੀ ਰਹੇ ਨਸਲੀ ਅੰਦੋਲਨ 'ਬਲੈਕ ਲਾਈਵਸ ਮੈਟਰ' ਨੇ ਵੀ ਦੁਨੀਆ ਦਾ ਧਿਆਨ ਖਿੱਚਿਆ। ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ, ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦਾ ਬਰਤਾਨੀਆ ਦੀ ਸ਼ਾਹੀ ਜੀਵਨ-ਸ਼ੈਲੀ ਨੂੰ ਛੱਡ ਕੇ ਆਮ ਲੋਕਾਂ ਵਰਗੀ ਜ਼ਿੰਦਗੀ ਜਿਊਣ ਦਾ ਸੰਕਲਪ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਸੰਸਦ ਵਿਚ ਬੇਭਰੋਸੇਯੋਗਤਾ ਦਾ ਮਤਾ ਲਗਾਏ ਜਾਣਾ, ਮੀ ਟੂ ਮੂਵਮੈਂਟ ਦੇ ਕੇਂਦਰ ਰਹੇ ਹਾਰਵੇ ਵੈਂਸਟੀਨ ਵਿਰੁੱਧ ਫ਼ੈਸਲਾ ਆਉਣਾ, ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਦੀ ਗਿਰਾਵਟ, ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਵਾਰ-ਵਾਰ ਮਰਨ ਦੀਆਂ ਅਫ਼ਵਾਹਾਂ ਆਉਣੀਆਂ, ਟਵਿੱਟਰ ਦਾ ਹੈਕ ਹੋਣਾ ਅਤੇ ਪਹਿਲੀ ਵਾਰ ਅਮਰੀਕਾ ਵਿਚ ਕਿਸੇ ਔਰਤ (ਕਮਲਾ ਹੈਰਿਸ) ਦਾ ਉਪ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਜਾਣਾ ਆਦਿ। ਇਸ ਤਰ੍ਹਾਂ ਸਾਲ 2020 ਦੀਆਂ ਇਸ ਤਰ੍ਹਾਂ ਦੀਆਂ ਕੌਮਾਂਤਰੀ ਘਟਨਾਵਾਂ ਰਹੀਆਂ, ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਿਰੋਧੀ ਵਿਖਾਵਿਆਂ ਦਾ ਸਾਲ ਰਿਹਾ-2020 ਅਗਲੀ ਖ਼ਬਰ kanya
Ad Position 24
No active advertisement