ਬੀਤਦੇ ਹੋਏ ਸਾਲ 2021 ਬਾਰੇ ਜੇਕਰ ਲੱਭ-ਲੱਭ ਕੇ ਕੋਈ ਇਕ ਚੰਗੀ ਗੱਲ ਕਹਿਣੀ ਹੋਵੇ ਤਾਂ ਇਹੀ ਕਹਿ ਸਕਦੇ ਹਾਂ ਕਿ ਇਹ 2020 ਦੇ ਮੁਕਾਬਲੇ ਥੋੜ੍ਹਾ ਘੱਟ ਉਥਲ-ਪੁਥਲ ਵਾਲਾ ਰਿਹਾ। ਹਾਲਾਂਕਿ ਅਗਸਤ ਵਿਚ ਅਫ਼ਗਾਨਿਸਤਾਨ ਦੀ ਚੁਣੀ ਹੋਈ ਸਰਕਾਰ ਦਾ ਪਤਨ ਅਤੇ ਕਾਬੁਲ ਵਿਚ ਤਾਲਿਬਾਨ ਦਾ ਦਾਖ਼ਲਾ ਇਸ ਸਾਲ ਨੂੰ ਦੁਨੀਆ ਦੇ ਸਭ ਤੋਂ ਖ਼ੂਨੀ ਸਾਲਾਂ ਵਿਚੋਂ ਇਕ ਦੀ ਭੂਮਿਕਾ ਬਣਾ ਚੁੱਕੇ ਸਨ, ਜਿਸ ਤਰ੍ਹਾਂ ਉੱਡਦੇ ਹੋਏ ਹਵਾਈ ਜਹਾਜ਼ਾਂ ਨਾਲ ਅਫ਼ਗਾਨਿਸਤਾਨ ਛੱਡ ਕੇ ਭੱਜਣ ਦੀ ਫਿਰਾਕ ਵਿਚ ਲੱਗੇ ਲੋਕ ਪੱਕੇ ਹੋਏ ਅੰਬਾਂ ਦੀ ਤਰ੍ਹਾਂ ਡਿਗ ਰਹੇ ਸਨ, ਉਨ੍ਹਾਂ ਦੀਆਂ ਖ਼ੌਫ਼ਨਾਕ ਤਸਵੀਰਾਂ ਦੁਨੀਆ 'ਚ ਦਹਿਸ਼ਤ ਵਧਾ ਰਹੀਆਂ ਸੀ। ਪਰ ਅਸਿੱਧੇ ਤੌਰ 'ਤੇ ਕਾਬੁਲ ਦੀਆਂ ਸੜਕਾਂ 'ਤੇ ਆਈਆਂ ਅਫ਼ਗਾਨ ਔਰਤਾਂ ਅਤੇ ਭੁੱਖ-ਪਿਆਸ ਨਾਲ ਬੇਹਾਲ ਲੋਕਾਂ ਨੇ ਸ਼ਾਇਦ ਤਾਲਿਬਾਨ ਦੇ ਜ਼ਾਲਮਾਨਾਂ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ। ਇਸ ਲਈ ਕਾਬੁਲ ਦਾ ਤਖ਼ਤਾ ਪਲਟ ਵਰਤਾਰਾ ਆਸ ਨਾਲੋਂ ਕੁਝ ਘੱਟ ਖ਼ੂੰਖਾਰ ਰਿਹਾ। ਬਾਵਜੂਦ ਇਸ ਦੇ ਇਹ ਘਟਨਾ ਸਾਲ 2021 ਦੀਆਂ ਸਭ ਤੋਂ ਡਰਾਉਣੀਆਂ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਵਿਚੋਂ ਇਕ ਰਹੀ।
ਫਿਲਹਾਲ ਜਦੋਂ 2021 ਸ਼ੁਰੂ ਹੋਇਆ ਸੀ ਤਾਂ ਕੋਵਿਡ-19 ਦੀ ਵਿਦਾਈ ਦੇ ਰੂਪ ਵਿਚ ਇਸ ਸਾਲ ਨੂੰ ਕਈ ਲੋਕਾਂ ਨੇ ਵੱਖ-ਵੱਖ ਢੰਗਾਂ ਨਾਲ ਦੇਖ ਕੇ ਅੰਦਾਜ਼ਾ ਲਗਾਇਆ ਸੀ ਪਰ ਉੱਤਰੀ ਗੋਲਾਰਧ ਦੀਆਂ ਗਰਮੀਆਂ ਵਿਚ ਇਕ ਵਾਰ ਵਾਕਈ ਇਹ ਲੱਗਣ ਲੱਗਿਆ ਸੀ ਕਿ ਸ਼ਾਇਦ ਕੋਵਿਡ-19 ਹੁਣ ਰਫ਼ੂਚੱਕਰ ਹੋ ਗਿਆ ਹੈ। ਹਾਲਾਂਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਉਦੋਂ ਵੀ ਇਸ ਦਾ ਖ਼ੌਫਨਾਕ ਤਾਂਡਵ ਜਾਰੀ ਸੀ। ਪਰ ਇਟਲੀ ਤੋਂ ਲੈ ਕੇ ਸਵਿਟਜ਼ਰਲੈਂਡ ਤੱਕ ਯੂਰਪ ਦੇ ਸਾਰੇ ਦੇਸ਼, ਨਿਊ ਨਾਰਮਲ ਤੋਂ ਰੀਅਲ ਨਾਰਮਲ ਵਾਲੇ ਪਾਸੇ ਵਧਦੇ ਲੱਗ ਰਹੇ ਸਨ। ਪਰ ਛੇਤੀ ਹੀ ਇਹ ਛਲਾਵਾ ਸਾਬਤ ਹੋਇਆ। ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਸਨ ਉਸ ਸਮੇਂ ਤੱਕ ਯੂਰਪ ਦੇ ਅੱਧੇ ਤੋਂ ਜ਼ਿਆਦਾ ਦੇਸ਼ ਬੇਹੱਦ ਡਰਾਉਣੀ ਹਾਲਤ ਵਿਚ ਸਨ। ਆਸਟ੍ਰੇਲੀਆ ਵਿਚ ਤਾਲਾਬੰਦੀ ਲੱਗੀ ਹੋਈ ਹੈ, ਨੀਦਰਲੈਂਡ ਵਿਚ ਕਰੀਬ-ਕਰੀਬ ਤਾਲਾਬੰਦੀ ਵਰਗੀਆਂ ਪਾਬੰਦੀਆਂ ਲਾਗੂ ਹਨ। ਫਰਾਂਸ, ਜਰਮਨੀ, ਇੰਗਲੈਂਡ ਦਾ ਹਾਲ ਵੀ ਬੁਰਾ ਹੈ ਅਤੇ ਅਮਰੀਕਾ ਵਿਚ ਇਸ ਤਰ੍ਹਾਂ ਦਹਿਸ਼ਤ ਹੈ ਕਿ ਲਗਦਾ ਹੈ ਕਿ ਫਿਰ ਤੋਂ 2020 ਦਾ ਉਹ ਕਾਲਾ ਦੌਰ ਵਾਪਸ ਆ ਰਿਹਾ ਹੈ, ਜਦੋਂ ਇਕ ਦਿਨ ਵਿਚ 2 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰਕ੍ਰਮਿਤ ਹੋ ਰਹੇ ਸਨ।
ਇਸ ਲਈ ਜੇਕਰ ਕਹੀਏ ਕਿ 2020-21 ਜਾਂਦਿਆਂ-ਜਾਂਦਿਆਂ ਦੁਨੀਆ ਨੂੰ ਕੋਰੋਨਾ ਦੇ ਮਾਮਲੇ ਵਿਚ ਚਕਮਾ ਦੇ ਗਿਆ ਹੈ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕੋਰੋਨਾ ਤੋਂ ਬਾਹਰ ਨਿਕਲ ਕੇ ਦੇਖੀਏ ਤਾਂ ਯਕੀਨਨ ਇਹ ਸਾਲ ਕਈ ਮਾਅਨਿਆਂ ਵਿਚ ਚੀਨ ਬਨਾਮ ਦੁਨੀਆ ਦਾ ਸਾਲ ਰਿਹਾ। ਭਾਰਤ ਅਤੇ ਚੀਨ ਵਿਚਾਲੇ ਤਾਂ ਪਿਛਲੇ ਤਿੰਨ ਸਾਲ ਤੋਂ ਹੀ ਲਗਾਤਾਰ ਤਣਾਅ ਜਾਰੀ ਹੈ ਅਤੇ ਵਿਚਾਲੇ-ਵਿਚਾਲੇ ਕਦੀ-ਕਦਾਈਂ ਇਹ ਇਕ ਕਦਮ ਪਿੱਛੇ ਹਟਦਾ ਰਿਹਾ ਹੈ, ਤਾਂ ਛੇਤੀ ਹੀ ਦੋ ਕਦਮ ਅੱਗੇ ਵਧ ਜਾਂਦਾ ਰਿਹਾ ਹੈ। ਹਾਲਾਂਕਿ ਇਸ ਸਾਲ ਸਰਹੱਦ 'ਤੇ ਆਹਮਣੇ-ਸਾਹਮਣੇ ਖੜ੍ਹੇ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਗਲਵਾਨ ਘਾਟੀ ਵਰਗੀ ਕੋਈ ਵੱਡੀ ਝੜਪ ਤਾਂ ਨਹੀਂ ਹੋਈ, ਪਰ ਚੀਨ ਨੇ ਸਭ ਕੂਟਨੀਤਕ ਪ੍ਰੋਟੋਕਾਲ ਦੀਆਂ ਗੱਲਾਂ ਕਰਦਿਆਂ ਹੋਇਆਂ ਵੀ ਸਾਲ ਵਿਚ ਕਈ ਵਾਰ ਭਾਰਤੀ ਸੀਮਾ ਖੇਤਰ ਵਿਚ ਦਖਲਅੰਦਾਜ਼ੀ ਕੀਤੀ ਅਤੇ ਘੱਟ ਤੋਂ ਘੱਟ ਦੋ ਮੌਕਿਆਂ 'ਤੇ ਇੰਜ ਲੱਗਿਆ ਕਿ ਕਿਤੇ ਏਸ਼ੀਆ ਦੇ ਇਨ੍ਹਾਂ ਦੋ ਵੱਡੇ ਦੇਸ਼ਾਂ ਵਿਚਾਲੇ ਸੱਚਮੁੱਚ ਵਿਚ ਜੰਗ ਛਿੜ ਜਾਵੇਗਾ? ਪਰ ਕਿਸੇ ਤਰ੍ਹਾਂ ਇਹ ਟਕਰਾਅ ਸੱਚਮੁੱਚ ਦੀ ਜੰਗ ਵਿਚ ਬਦਲਣ ਤੋਂ ਬਚਿਆ ਰਿਹਾ।
ਪਰ ਮਿਆਂਮਾਰ ਦੀ ਜਨਤਾ ਏਨੀ ਖ਼ੁਸ਼ਨਸੀਬ ਨਹੀਂ ਰਹੀ। ਇਸ ਸਾਲ ਫਰਵਰੀ ਵਿਚ ਮਿਆਂਮਾਰ ਦੀ ਫ਼ੌਜ ਨੇ ਇਕ ਫਿਰ ਆਪਣੇ ਪੁਰਾਣੇ ਖ਼ੂਨੀ ਪੰਜੇ ਦਿਖਾਏ ਅਤੇ ਮਿਆਂਮਾਰ ਦੇ ਲੋਕਤੰਤਰ ਦੀ ਲਗਭਗ ਪ੍ਰਤੀਕ ਬਣ ਚੁੱਕੀ ਆਂਗ ਸਾਂਗ ਸੂ ਕੀ ਨੂੰ ਨਾ ਸਿਰਫ਼ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਪਾ ਦਿੱਤਾ ਸਗੋਂ ਨਿਆਇਕ ਸਾਜਿਸ਼ ਦੇ ਚਲਦਿਆਂ ਇਸੇ ਦਸੰਬਰ ਵਿਚ ਉਨ੍ਹਾਂ ਨੂੰ ਦੋ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਇਹ ਤਾਂ ਮਹਿਜ਼ ਇਕ ਮਾਮਲੇ ਵਿਚ ਹੋਈ ਸਜ਼ਾ ਹੈ, ਹਾਲੇ ਉਨ੍ਹਾਂ ਵਿਰੁੱਧ ਵੱਖ-ਵੱਖ ਤਰ੍ਹਾਂ ਦੇ ਛੇ ਹੋਰ ਮਾਮਲੇ ਫ਼ੌਜ ਦੱਸ ਰਹੀ ਹੈ। ਦੁਨੀਆ ਭਰ ਦੇ ਦਬਾਅ ਦੇ ਬਾਵਜੂਦ ਮਿਆਂਮਾਰ ਦੀ ਫੌਜੀ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ। ਉਸ ਦੇ ਤਖ਼ਤਾ ਪਲਟਣ ਤੋਂ ਬਾਅਦ ਤੋਂ 15 ਦਸੰਬਰ, 2021 ਤੱਕ ਹਿਊਮਨ ਵਾਚ ਵਰਗੀਆਂ ਕਈ ਅੰਤਰਰਾਸ਼ਟਰੀ ਮੀਡੀਆ ਸੰਸਥਾਵਾਂ ਨੇ ਵੀ ਮੀਆਂਮਾਰ ਦੀ ਫ਼ੌਜ ਦੇ ਇਸ ਘਿਨੌਣੇ ਮਨੁੱਖੀ ਘਾਣ ਨੂੰ ਬੇਨਕਾਬ ਕੀਤਾ ਹੈ।
ਇਸ ਸਾਲ ਚੀਨ ਲਗਭਗ ਦੁਨੀਆ ਦੇ ਹਰ ਹਿੱਸੇ ਨਾਲ ਲਗਾਤਾਰ ਮੁੱਠਭੇੜ ਦੀ ਮੁਦਰਾ ਵਿਚ ਰਿਹਾ। ਚੀਨ ਅਤੇ ਅਮਰੀਕਾ ਦੇ ਰਿਸ਼ਤੇ ਤਾਂ ਏਨੇ ਵਿਗੜ ਚੁੱਕੇ ਹਨ ਕਿ ਇਕ ਵਰਚੂਅਲ ਮੀਟਿੰਗ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਸਾਫ਼-ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਜੋ ਅੱਗ ਨਾਲ ਖੇਡਦੇ ਹਨ, ਉਹ ਸੜ ਜਾਂਦੇ ਹਨ। ਚੀਨ ਨੇ ਇਸ ਸਾਲ ਤਾਈਵਾਨ ਦੇ ਏਅਰ ਸਪੇਸ 'ਤੇ ਵਾਰ-ਵਾਰ ਸਾਰੀ ਦੁਨਿਆਵੀ (ਸਮੇਤ ਅਮਰੀਕਾ) ਚਿਤਾਵਨੀਆਂ ਦੇ ਬਾਵਜੂਦ ਆਪਣੇ ਲੜਾਕੂ ਜਹਾਜ਼ਾਂ ਜ਼ਰੀਏ ਕਬਜ਼ਾ ਕੀਤਾ। ਚੀਨ ਦੀ ਇਸ ਲਾਲਸਾ ਕਾਰਨ ਉਸ ਦੇ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਹੌਲੀ-ਹੌਲੀ ਵਿਸ਼ਵ ਵਿਆਪੀ ਵਿਚ ਬਦਲ ਗਏ ਹਨ। ਅਮਰੀਕਾ ਦੇ ਨਕਸ਼ੇ-ਕਦਮ 'ਤੇ ਚਲਦੇ ਹੋਏ ਕੈਨੇਡਾ, ਮੈਕਸੀਕੋ, ਨਿਊਜ਼ੀਲੈਂਡ ਅਤੇ ਬਰਤਾਨੀਆ ਨੇ ਚੀਨ ਵਿਚ ਹੋ ਰਹੀਆਂ ਸਰਦ ਰੁੱਤ ਉਲੰਪਿਕ ਖੇਡਾਂ ਵਿਚ ਆਪਣੇ ਰਾਜਨੀਤਕ ਪ੍ਰਤੀਨਿਧੀ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ 'ਤੇ ਚੀਨ ਨੇ ਖੁੱਲ੍ਹੇਆਮ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਇਸ ਫ਼ੈਸਲੇ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਡੂੰਘਾਈ ਨਾਲ ਦੇਖੀਏ ਤਾਂ ਚੀਨ ਬਨਾਮ ਦੁਨੀਆ ਦੀ ਖਹਿਬਾਜ਼ੀ ਦੇ ਬੁਰੇ ਨਤੀਜੇ ਸਾਹਮਣੇ ਆਉਣ ਲੱਗੇ ਹਨ।
ਨਵੰਬਰ 2021 ਵਿਚ ਦੁਨੀਆ ਦੇ ਕਰੀਬ 76 ਦੇਸ਼ਾਂ ਵਿਚ ਪਿਛਲੇ ਸਾਲਾਂ ਦੀ ਸਭ ਤੋਂ ਜ਼ਿਆਦਾ ਮਹਿੰਗਾਈ ਰਹੀ, ਜਿਸ ਦਾ ਇਕ ਵੱਡਾ ਕਾਰਨ ਚੀਨ ਵਲੋਂ ਦੁਨੀਆ ਦੇ ਉਪਭੋਗਤਾ ਬਾਜ਼ਾਰ ਦੀ ਸਪਲਾਈ ਚੇਨ ਨੂੰ ਜੇਕਰ ਪੂਰੀ ਤਰ੍ਹਾਂ ਨਾਲ ਤੋੜ ਨਹੀਂ ਦਿੱਤਾ ਗਿਆ ਤਾਂ ਇਸ ਨੂੰ ਬੇਹੱਦ ਕਮਜ਼ੋਰ ਜ਼ਰੂਰ ਬਣਾ ਦਿੱਤਾ ਗਿਆ ਹੈ। ਅੱਜ ਜੇਕਰ ਪੂਰੀ ਦੁਨੀਆ ਦਾ ਆਈ. ਟੀ. ਉਦਯੋਗ ਮਾਈਕਰੋ ਚਿਪ ਦੇ ਸੰਕਟ ਨਾਲ ਜੂਝ ਰਿਹਾ ਹੈ ਤਾਂ ਇਸ ਪਿੱਛੇ ਦੁਨੀਆ ਦੇ ਬਾਜ਼ਾਰ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਉਣ ਦਾ ਚੀਨੀ ਸੁਪਨਾ ਹੈ। ਚੀਨ ਮਾਈਕ੍ਰੋ ਚਿਪ ਦੀ ਦੁਨੀਆ ਦੀ ਮੰਗ ਦਾ 70 ਫ਼ੀਸਦੀ ਤੋਂ ਜ਼ਿਆਦਾ ਪੂਰਤੀ ਕਰਦਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਭਾਵ ਮਾਰਚ 2021 ਤੋਂ ਬਾਅਦ ਤੋਂ ਹੀ ਉਸ ਨੇ ਚਿਪ ਬਾਜ਼ਾਰ ਵਿਚ ਬਨਾਉਟੀ ਸੰਕਟ ਖੜ੍ਹਾ ਕਰ ਦਿੱਤਾ ਹੈ ਤੇ ਇਸ ਦੇ ਪਿੱਛੇ ਮੌਜੂਦ ਉਸ ਦੀ ਮਨਸ਼ਾ ਨੂੰ ਸਮਝਿਆ ਜਾ ਸਕਦਾ ਹੈ। ਸਾਲ 2021 ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿਚ ਆਯੋਜਿਤ 26ਵੇਂ ਵਾਤਾਵਰਨ ਸੰਮੇਲਨ ਲਈ ਵੀ ਯਾਦ ਰੱਖਿਆ ਜਾਵੇਗਾ, ਜਿਸ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਵਿਸ਼ਵ ਤਪਸ਼ ਜਾਂ ਤਾਂ ਹੁਣੇ ਹੀ ਰੁਕ ਸਕਦੀ ਹੈ ਜਾਂ ਫਿਰ ਕਦੇ ਵੀ ਨਹੀਂ ਰੁਕੇਗੀ।
ਵਰਨਣਯੋਗ ਹੈ ਕਿ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਤੋਂ ਭਾਵ ਲਗਭਗ ਪਿਛਲੀਆਂ ਚਾਰ ਸਦੀਆਂ ਵਿਚ ਧਰਤੀ ਦਾ ਤਾਪਮਾਨ 1.5 ਡਿਗਰੀ ਸੈਂਟੀਗ੍ਰੇਡ ਵਧ ਚੁੱਕਾ ਹੈ। ਇਸ ਵਿਚ ਕਰੀਬ 1 ਡਿਗਰੀ ਸੈਂਟੀਗ੍ਰੇਡ ਪਿਛਲੇ ਦੋ ਦਹਾਕਿਆਂ ਵਿਚ ਵਧਿਆ ਹੈ। ਵਾਤਾਵਰਨ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਜੇਕਰ ਵਿਸ਼ਵ ਤਪਸ਼ ਨੂੰ ਹਾਲੇ ਨਹੀਂ ਰੋਕਿਆ ਗਿਆ ਤਾਂ ਬਾਅਦ ਵਿਚ ਫਿਰ ਕਦੀ ਨਹੀਂ ਰੋਕਿਆ ਜਾ ਸਕੇਗਾ ਅਤੇ ਇਸ ਕਾਰਨ ਧਰਤੀ ਦਾ ਵਿਨਾਸ਼ ਜ਼ਰੂਰ ਹੋਵੇਗਾ। ਇਹ ਸਾਲ ਪੱਛਮੀ ਦੇਸ਼ਾਂ ਖ਼ਾਸ ਕਰਕੇ ਯੂਰਪ ਦੇ ਵਿਕਸਿਤ ਦੇਸ਼ਾਂ ਲਈ ਮਾਈਗ੍ਰੇਸ਼ਨ ਦੀ ਵੀ ਇਕ ਵੱਡੀ ਸਮੱਸਿਆ ਬਣਿਆ ਹੈ। ਯੂਰਪ ਦੇ ਲਗਭਗ ਸਾਰੇ ਦੇਸ਼ਾਂ ਵਿਚ ਸ਼ਰਨਾਰਥੀਆਂ ਦਾ ਹਜ਼ੂਮ ਉਮੜ ਰਿਹਾ ਹੈ। ਪਰ ਇਸ ਤੋਂ ਬਾਅਦ ਵੀ ਸ਼ਰਨਾਰਥੀਆਂ ਦੀ ਗਿਣਤੀ ਘੱਟ ਨਹੀਂ ਹੋ ਰਹੀ। ਇਸ ਨੂੰ ਲੈ ਕੇ ਯੂਰਪ ਦੇ ਦੇਸ਼ ਨਾ ਸਿਰਫ ਚਿੰਤਾ 'ਚ ਹਨ, ਸਗੋਂ ਹੁਣ ਉਹ ਕਿਸੇ ਵੀ ਕੀਮਤ 'ਤੇ ਆਪਣੇ ਇਥੇ ਸ਼ਰਨਾਰਥੀਆਂ ਦੇ ਆਉਣ ਉਤੇ ਰੋਕ ਵੀ ਲਗਾਉਣੀ ਚਾਹੁੰਦੇ ਹਨ। ਉਂਝ ਇਹ ਸਾਲ ਵੱਡੇ ਪੱਧਰ 'ਤੇ ਅਫ਼ਗਾਨੀ ਸ਼ਰਨਾਰਥੀਆਂ ਦੇ ਪਾਕਿਸਤਾਨ ਵਿਚ ਵੜਨ ਲਈ ਵੀ ਯਾਦ ਰੱਖਿਆ ਜਾਵੇਗਾ। ਪਾਕਿਸਤਾਨ ਦੀ ਸਭ ਚੌਕਸੀ ਦੇ ਬਾਵਜੂਦ ਕਾਬੁਲ ਵਿਚ ਤਾਲਿਬਾਨ ਦੇ ਸੱਤਾਧਾਰੀ ਹੁੰਦਿਆਂ ਹੀ ਕਰੀਬ 5 ਲੱਖ ਅਫ਼ਗਾਨਿਸਤਾਨੀ, ਪਾਕਿਸਤਾਨ ਵਿਚ ਵੜ ਆਏ ਅਤੇ ਪਾਕਿਸਤਾਨ ਸਭ ਕੁਝ ਜਾਣਦਾ ਹੋਇਆ ਵੀ ਕੁਝ ਨਹੀਂ ਕਰ ਸਕਿਆ।
ਸ਼ਾਇਦ ਇਸ ਲਈ ਵੀ ਕਿਉਂਕਿ ਖੁੱਲ੍ਹੇ ਤੌਰ 'ਤੇ ਪਾਕਿਸਤਾਨ ਅਫ਼ਗਾਨਿਸਤਾਨ ਦਾ ਸ਼ੁੱਭਚਿੰਤਕ ਦੇ ਰੂਪ ਵਿਚ ਉੱਭਰਿਆ ਹੈ ਕਿਉਂਕਿ ਆਪਣੇ ਕੂਟਨੀਤਕ ਫਾਇਦਿਆਂ ਲਈ ਚੀਨ ਵਰਗਾ ਦੇਸ਼ ਅਫ਼ਗਾਨਿਸਤਾਨ ਦੀ ਤਾਲਿਬਾਨ ਸੱਤਾ ਦਾ ਨਾ ਸਿਰਫ ਸਿੱਧੇ-ਅਸਿੱਧੇ ਰੂਪ ਵਿਚ ਸਮਰਥਨ ਕਰ ਰਿਹਾ ਹੈ ਸਗੋਂ ਪਾਕਸਿਤਾਨ ਨੂੰ ਅੱਗੇ ਰੱਖ ਕੇ ਉਸ ਲਈ ਕਈ ਤਰ੍ਹਾਂ ਦੀਆਂ ਸੱਚੀਆਂ-ਝੂਠੀਆਂ ਯੋਜਨਾਵਾਂ ਵੀ ਬਣਾ ਰਿਹਾ ਹੈ। ਸ਼ਾਇਦ ਇਸ ਲਈ ਕਿਉਂਕਿ ਦੁਨੀਆ ਵਿਚ ਚੀਨ 'ਤੇ ਆਪਣੇ ਵੀਗਰ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ ਲੱਗ ਰਹੇ ਹਨ। ਫਿਲਹਾਲ ਕੌਮਾਂਤਰੀ ਘਟਨਾਵਾਂ ਦੀ ਦੂਰਬੀਨ ਰਾਹੀਂ ਜੇਕਰ ਸਾਲ 2021 ਨੂੰ ਦੇਖਿਆ ਜਾਵੇ ਤਾਂ ਇਹ ਬੇਹੱਦ ਉਥਲ-ਪੁਥਲ ਭਰਿਆ ਰਿਹਾ ਹੈ। ਇਸ ਲਈ ਇਸ ਦਾ ਪੂਰਾ ਹਾਲ ਇਕ ਦੋ ਲੇਖ ਤਾਂ ਛੱਡੋ ਪੂਰੇ 100 ਲੇਖਾਂ ਵਿਚ ਵੀ ਪੂਰੀ ਤਰ੍ਹਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਜੇਕਰ ਮੋਟੇ ਤੌਰ 'ਤੇ ਸਾਲ 2021 ਦੇ ਕੌਮਾਂਤਰੀ ਮਾਹੌਲ ਨੂੰ ਦੇਖਿਆ ਜਾਵੇ ਤਾਂ ਇਹ ਵਿਸ਼ਵ ਪੱਧਰ 'ਤੇ ਚੀਨ ਨਾਲ ਵੱਖ-ਵੱਖ ਦੇਸ਼ਾਂ ਦੀ ਖਹਿਬਾਜ਼ੀ, ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੰਸਾਰਿਕ ਅਰਥਵਿਵਸਥਾ ਦੇ ਬਰਬਾਦ ਅਤੇ ਨਵੇਂ ਤਰ੍ਹਾਂ ਦੇ ਪੈਦਾ ਹੋਈ ਠੰਢੀ ਜੰਗ ਵਰਗੇ ਹਾਲਾਤ ਨਾਲ ਨਿਪਟਣ ਲਈ ਨਵੇਂ-ਨਵੇਂ ਸੰਸਾਰਕ ਸੰਗਠਨਾਂ ਦੇ ਬਣਨ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।
-ਇਮੇਜ ਰਿਫ਼ਲੈਕਸ਼ਨ ਸੈਂਟਰ