ਲੰਡਨ, 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਹਲਕਾ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ ਦਾ ਲੰਡਨ 'ਚ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਤੇ ਪੰਜਾਬੀ ਭਾਈਚਾਰੇ ਵਲੋਂ ਸੰਸਦ ਮੈਂਬਰ ਵਰਿੰਦਰ ਸ਼ਰਮਾ, ਗੁਰਮਿੰਦਰ ਕੌਰ ਰੰਧਾਵਾ, ਬਲਜਿੰਦਰ ਸਿੰਘ ਜੈਨਪੁਰੀ, ਨਛੱਤਰ ਕਲਸੀ, ਸ਼ਿਵਦੀਪ ਕੌਰ ਢੇਸੀ, ਗੁਰਚਰਨ ਸਿੰਘ ਸੂਜਾਪੁਰ, ਕੁਲਦੀਪ ਸਿੰਘ ਬਰੈਸਟਰ, ਮਨਜੀਤ ਭੰਵਰਾ ਆਦਿ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਬੀਤੇ ਦਿਨੀਂ ਭਾਰਤ ਵਲੋਂ ਅੱਤਵਾਦ ਵਿਰੁੱਧ ਕੀਤੇ ਆਪ੍ਰੇਸ਼ਨ ਸੰਧੂਰ ਸੰਬੰਧੀ ਲੰਡਨ ਪਹੁੰਚੇ ਬਹੁ-ਪਾਰਟੀ ਸੰਸਦ ਮੈਂਬਰਾਂ ਦੇ 9 ਮੈਂਬਰੀ ਵਫਦ 'ਚ ਸ਼ਾਮਿਲ ਡਾ: ਅਮਰ ਸਿੰਘ ਨੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਭਾਰਤ ਵਲੋਂ ਕੀਤੇ ਗਏ ਸਫ਼ਲ ਅਪ੍ਰੇਸ਼ਨ ਸੰਧੂਰ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ 'ਤੇ ਹੋਣ ਵਾਲੇ ਕਿਸੇ ਵੀ ਬਾਹਰੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਅਸੀਂ ਸਭ ਇਕ ਹਾਂ | ਉਨ੍ਹਾਂ ਕਿਹਾ ਕਿ ਅਸੀਂ ਵਿਦੇਸ਼ੀ ਸਰਕਾਰਾਂ ਤੇ ਵਿਦੇਸ਼ੀ ਧਰਤੀ 'ਤੇ ਵਸਦੇ ਆਪਣਿਆਂ ਤੇ ਹੋਰਾਂ ਭਾਈਚਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਬਹੁ-ਧਰਮੀ ਤੇ ਬਹੁ-ਸੱਭਿਆਚਾਰਕ ਦੇਸ਼ ਹੈ ਤੇ ਦੇਸ਼ ਦੀ ਅਖੰਡਤਾ ਲਈ ਅਸੀਂ ਸਭ ਇਕੱਠੇ ਹਾਂ | ਇਸ ਮੌਕੇ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਲੋਕ ਹਾਜ਼ਰ ਸਨ |