ਚੰਡੀਗੜ੍ਹ, 4 ਜੂਨ (ਬਿਊਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ ਅੱਜ ਤੀਸਰੇ ਦਿਨ ਲਗਾਤਾਰ ਹੋਈ ਬੈਠਕ ਨੇ ਕਿਰਤੀਆਂ, ਦੁਕਾਨਦਾਰਾਂ ਤੇ ਵਪਾਰੀਆਂ ਲਈ ਮੌਜੂਦਾ ਕਿਰਤ ਕਾਨੂੰਨਾਂ 'ਚ ਸੋਧਾਂ ਨੂੰ ਪ੍ਰਵਾਨਗੀ ਦਿੰਦਿਆਂ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਇੰਸਪੈਕਟਰੀ ਕੰਟਰੋਲ ਤੋਂ ਬਾਹਰ ਕਰ ਦਿੱਤਾ, ਜਿਸ ਨਾਲ ਕੋਈ 95 ਪ੍ਰਤੀਸ਼ਤ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਰਾਹਤ ਮਿਲੇਗੀ | ਮੁੱਖ ਮੰਤਰੀ ਨਿਵਾਸ 'ਤੇ ਹੋਈ ਮੀਟਿੰਗ 'ਚ ਲਏ ਗਏ ਫ਼ੈਸਲਿਆਂ ਅਨੁਸਾਰ ਹੁਣ 20 ਮੁਲਾਜ਼ਮ ਰੱਖਣ ਵਾਲੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਰਹੇਗੀ ਅਤੇ ਉਨ੍ਹਾਂ ਵਲੋਂ ਕੇਵਲ ਵਿਭਾਗੀ ਪੋਰਟਲ 'ਤੇ ਆਪਣੇ ਮੁਲਾਜ਼ਮਾਂ ਸੰਬੰਧੀ ਸੂਚਨਾ ਭੇਜੀ ਜਾਵੇਗੀ, ਪਰ 20 ਤੋਂ ਵੱਧ ਮੁਲਾਜ਼ਮ ਰੱਖਣ ਵਾਲਿਆਂ ਨੂੰ ਵੀ ਆਨਲਾਈਨ ਅਰਜ਼ੀ ਰਜਿਸਟ੍ਰੇਸ਼ਨ ਲਈ ਭੇਜਣੀ ਹੋਵੇਗੀ, ਜਿਸ 'ਤੇ 24 ਘੰਟੇ ਅੰਦਰ ਰਜਿਸਟ੍ਰੇਸ਼ਨ ਜਾਰੀ ਹੋਵੇਗੀ ਅਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਰਜਿਸਟ੍ਰੇਸ਼ਨ ਦੀ ਪ੍ਰਵਾਨਗੀ ਹੀ ਸਮਝੀ ਜਾਏਗੀ | ਇਸ ਤੋਂ ਇਲਾਵਾ ਇਕ ਮੁਲਾਜ਼ਮ ਤੋਂ ਹੁਣ ਤਿਮਾਹੀ ਦੌਰਾਨ ਓਵਰ ਟਾਈਮ 50 ਘੰਟੇ ਦੀ ਥਾਂ 144 ਘੰਟੇ ਤੱਕ ਲਿਆ ਜਾ ਸਕੇਗਾ, ਜਿਸ ਲਈ ਦੁੱਗਣੀ ਉਜਰਤ ਦਿੱਤੀ ਜਾਵੇਗੀ | ਮੁਲਾਜ਼ਮ ਤੋਂ ਰੋਜ਼ਾਨਾ 9 ਘੰਟੇ ਅਤੇ ਹਫ਼ਤੇ 'ਚ 48 ਘੰਟੇ ਕੰਮ ਲਿਆ ਜਾ ਸਕੇਗਾ | ਜਿਸ ਵਿਚ ਉਸ ਦਾ ਖਾਣਾ ਆਦਿ ਖਾਣ ਦਾ ਸਮਾਂ ਵੀ ਸ਼ਾਮਿਲ ਹੋਵੇਗਾ, ਪਰ ਇਸ ਤੋਂ ਵੱਧ ਲਏ ਜਾਂਦੇ ਕੰਮ ਲਈ ਦੁੱਗਣੀ ਅਦਾਇਗੀ ਕੀਤੀ ਜਾਵੇਗੀ | ਮੰਤਰੀ ਮੰਡਲ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਮੌਜੂਦਾ ਐਕਟ ਦੀ ਧਾਰਾ 21 ਅਤੇ 26 ਅਧੀਨ ਮੌਜੂਦਾ ਜੁਰਮਾਨਿਆਂ ਦੀ ਰਾਸ਼ੀ ਨੂੰ 25 ਰੁਪਏ ਤੋਂ ਵਧਾ ਕੇ ਇਕ ਹਜ਼ਾਰ ਰੁਪਏ ਅਤੇ 100 ਰੁਪਏ ਦੇ ਜੁਰਮਾਨੇ ਦੀ ਰਾਸ਼ੀ ਨੂੰ 30 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ | ਪਰ ਇਸ ਐਕਟ ਅਧੀਨ ਜੁਰਮਾਨਿਆਂ ਜਾਂ ਦੋਸ਼ਾਂ ਨੂੰ ਅਪਰਾਧਾਂ ਦੀ ਸ਼ੇ੍ਰਣੀ 'ਚੋਂ ਕੱਢ ਦਿੱਤਾ ਗਿਆ ਹੈ | ਇਸ ਲਈ ਹੁਣ ਅਜਿਹੇ ਕੇਸ ਅਦਾਲਤਾਂ 'ਚ ਨਹੀਂ ਜਾਣਗੇ ਤੇ ਇਨ੍ਹਾਂ ਲਈ ਕੇਵਲ ਨਿਯਮ ਵਿਚ ਨਿਸ਼ਚਿਤ ਹੋਣ ਵਾਲੇ ਜੁਰਮਾਨੇ ਹੀ ਲਏ ਜਾਣਗੇ | ਸੂਚਨਾ ਅਨੁਸਾਰ ਸਰਕਾਰ ਵਲੋਂ ਅਹਿਮ ਫ਼ੈਸਲਿਆਂ ਦੇ ਸੁਚੱਜੇ ਪ੍ਰਚਾਰ ਨੂੰ ਮੁੱਖ ਰੱਖ ਕੇ ਇਕ ਦਿਨ ਦੀ ਕੈਬਨਿਟ ਮੀਟਿੰਗ 'ਚ ਅਹਿਮ ਫ਼ੈਸਲੇ ਹੀ ਲੈਣ ਨੂੰ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਉਸ ਦਾ ਠੀਕ ਢੰਗ ਨਾਲ ਲੋਕਾਂ ਤੱਕ ਪ੍ਰਚਾਰ ਹੋ ਸਕੇ |