03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪੰਜਾਬ ਸਰਕਾਰ ਨੇ ਸੂਬੇ ਨੂੰ 'ਆਫ਼ਤ ਪ੍ਰਭਾਵਿਤ' ਐਲਾਨਿਆ

Ad Position 21
No active advertisement
ਅਜੀਤ ਡੈਸਕ 04-09-2025

• ਲੱਖਾਂ ਲੋਕ ਬੇਘਰ ਹੋਏ, ਖੇਤੀਬਾੜੀ ਤਬਾਹ ਹੋ ਰਹੀ ਹੈ ਤੇ ਕਈ ਥਾਈਾ ਆਵਾਜਾਈ ਹੋਈ ਠੱਪ
• ਮੁੱਖ ਸਕੱਤਰ ਵਲੋਂ ਪੱਤਰ ਜਾਰੀ
• ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ
ਸਕੂਲ, ਕਾਲਜ ਤੇ ਯੂਨੀਵਰਸਿਟੀਆਂ 7 ਤੱਕ ਬੰਦ
ਸੰਦੀਪ ਕੁਮਾਰ ਮਾਹਨਾ

ਚੰਡੀਗੜ੍ਹ, 3 ਸਤੰਬਰ-ਪੰਜਾਬ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਹੜ੍ਹਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ | ਸਤਲੁਜ, ਬਿਆਸ ਅਤੇ ਰਾਵੀ ਦਰਿਆ ਖ਼ਤਰੇ ਦੇ ਨਿਸ਼ਾਨ 'ਤੇ ਹਨ | ਜਿਸ ਨਾਲ ਨੀਵੇਂ ਇਲਾਕੇ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਹਨ | ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਇਕ ਅਧਿਕਾਰਤ ਪੱਤਰ ਜਾਰੀ ਕਰਕੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ ਹੈ | ਇਸ ਤਹਿਤ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਪੱਤਰ 'ਚ ਕਿਹਾ ਗਿਆ ਹੈ ਕਿ ਲਗਾਤਾਰ ਮੀਂਹ ਤੇ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ, ਸੂਬੇ ਦੇ 1400 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ 'ਚ ਹਨ ਤੇ ਲੱਖਾਂ ਲੋਕ ਪ੍ਰਭਾਵਿਤ ਹਨ | ਉਨ੍ਹਾਂ ਨੇ ਪੱਤਰ 'ਚ ਅਧਿਕਾਰੀਆਂ ਅਤੇ ਵਿਭਾਗਾਂ ਨੂੰ 6 ਹਦਾਇਤਾਂ ਵੀ ਦਿੱਤੀਆਂ ਹਨ |
ਰਾਹਤ ਤੇ ਬਚਾਅ ਕਾਰਜ ਤੇਜ਼
ਐਨ. ਡੀ. ਆਰ. ਐਫ., ਐੱਸ. ਡੀ. ਆਰ. ਐਫ. ਅਤੇ ਫ਼ੌਜ ਦੀਆਂ ਟੀਮਾਂ ਨੂੰ ਹੜ੍ਹ-ਪ੍ਰਭਾਵਿਤ ਇਲਾਕਿਆਂ 'ਚ ਤਾਇਨਾਤ ਕੀਤਾ ਗਿਆ ਹੈ | ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ | 300 ਤੋਂ ਵੱਧ ਰਾਹਤ ਕੈਂਪ ਬਣਾਏ ਗਏ ਹਨ, ਜਿਥੇ ਲੋਕਾਂ ਨੂੰ ਰੋਟੀ, ਪਾਣੀ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਗੁਰਦੁਆਰਿਆਂ ਤੇ ਸਮਾਜਿਕ ਸੰਸਥਾਵਾਂ ਵਲੋਂ ਲੰਗਰ ਸੇਵਾ ਲਗਾਤਾਰ ਜਾਰੀ ਹੈ | ਸਿਹਤ ਵਿਭਾਗ ਨੇ ਖ਼ਾਸ ਮੋਬਾਈਲ ਯੂਨਿਟਾਂ ਤਾਇਨਾਤ ਕੀਤੀਆਂ ਹਨ ਤਾਂ ਜੋ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ | ਉੱਧਰ ਵਿਰੋਧੀ ਧਿਰ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਸਮੇਂ ਸਿਰ ਬੰਨ੍ਹਾਂ ਦੀ ਮੁਰੰਮਤ ਨਹੀਂ ਕੀਤੀ ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਹੋਏ ਹਨ | ਇਸਦੇ ਉਲਟ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੱਡੇ ਪੱਧਰ 'ਤੇ ਰਾਹਤ ਕਾਰਜਾਂ 'ਚ ਜੁਟੀਆਂ ਹੋਈਆਂ ਹਨ |
ਬੁਨਿਆਦੀ ਢਾਂਚਾ ਅਤੇ ਆਵਾਜਾਈ ਪ੍ਰਭਾਵਿਤ
ਹੜ੍ਹ ਕਾਰਨ ਸੂਬੇ ਦੀਆਂ ਸੈਂਕੜੇ ਸੜਕਾਂ ਤੇ ਪੁਲ ਬਰਬਾਦ ਹੋ ਗਏ ਹਨ | ਜਲੰਧਰ-ਲੁਧਿਆਣਾ, ਫਿਰੋਜ਼ਪੁਰ-ਅੰਮਿ੍ਤਸਰ ਅਤੇ ਰੋਪੜ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗਾਂ 'ਤੇ ਆਵਾਜਾਈ ਠੱਪ ਹੋ ਗਈ ਹੈ | ਕਈ ਰੇਲ ਮਾਰਗਾਂ 'ਤੇ ਪਾਣੀ ਆ ਜਾਣ ਕਰਕੇ ਰੇਲਵੇ ਨੇ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ | ਇਸ ਨਾਲ ਸਪਲਾਈ ਚੇਨ ਟੁੱਟਣ ਕਾਰਨ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ |
ਖੇਤੀਬਾੜੀ ਨੂੰ ਭਾਰੀ ਨੁਕਸਾਨ
ਝੋਨਾ, ਮੱਕੀ ਤੇ ਸਬਜ਼ੀ ਦੀ ਖੜ੍ਹੀ ਫ਼ਸਲ ਪਾਣੀ 'ਚ ਡੁੱਬ ਗਈ ਹੈ | ਖੇਤੀਬਾੜੀ ਮਾਹਿਰਾਂ ਅਨੁਸਾਰ, ਜੇ ਪਾਣੀ ਜਲਦੀ ਨਹੀਂ ਹਟਿਆ ਤਾਂ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ | ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਤੁਰੰਤ ਮੁਆਵਜ਼ੇ ਅਤੇ ਕਰਜ਼ ਮੁਆਫ਼ੀ ਦੀ ਮੰਗ ਕੀਤੀ ਹੈ | ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਅਤੇ ਚੋਆਂ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ | ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਹੋਰ ਮੀਂਹ ਦੀ ਸੰਭਾਵਨਾ ਜਤਾਈ ਹੈ | ਸਰਕਾਰ, ਫ਼ੌਜ ਤੇ ਸਮਾਜਿਕ ਸੰਸਥਾਵਾਂ ਰਾਹਤ ਕਾਰਜਾਂ 'ਚ ਜੁਟੀਆਂ ਹਨ ਪਰ ਹਾਲਾਤ ਕਾਬੂ ਹੇਠ ਲਿਆਉਣ 'ਚ ਅਜੇ ਸਮਾਂ ਲੱਗੇਗਾ |

Ad Position 22
No active advertisement
ਪਿਛਲੀ ਖ਼ਬਰ ਸਿਸੋਦੀਆ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਪੰਜਾਬੀਆਂ ਦੀ ਇਕਜੁੱਟਤਾ ਦੀ ਕੋਈ ਮਿਸਾਲ ਨਹੀਂ-ਰਾਜਪਾਲ
Ad Position 24