ਸੁਰਿੰਦਰ ਕੋਛੜ
ਅੰਮ੍ਰਿਤਸਰ, 2 ਨਵੰਬਰ -ਸਾਲ 2019 ’ਚ ਪੁਲਵਾਮਾ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਪੈਦਾ ਹੋਏ ਤਣਾਅ ਕਾਰਨ ਭਾਰਤ ਨਾਲ ਦੁਵੱਲਾ ਵਪਾਰ ਮੁਅੱਤਲ ਹੋਣ ਪਿਛੋਂ ਪਾਕਿਸਤਾਨ ਨੂੰ ਲਗਪਗ 40 ਅਰਬ ਅਮਰੀਕੀ ਡਾਲਰ ਦਾ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪਾਕਿ-ਇੰਡੀਆ ਬਿਜ਼ਨਸ ਕੌਂਸਲ ਦੇ ਚੇਅਰਮੈਨ ਨੂਰ ਮੁਹੰਮਦ ਕਸੂਰੀ ਨੇ ਇਹ ਦਾਅਵਾ ਕਰਦਿਆਂ ਦੋਵਾਂ ਗੁਆਂਢੀ ਮੁਲਕਾਂ ਨੂੰ ਵਪਾਰਕ ਸੰਬੰਧ ਬਹਾਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਨਿਵੇਸ਼, ਸੈਰ-ਸਪਾਟਾ ਅਤੇ ਖੇਤਰੀ ਸਹਿਯੋਗ ਦੇ ਨਵੇਂ ਮੌਕੇ ਪੈਦਾ ਹੋ ਸਕਣ। ਕਸੂਰੀ ਨੇ ਦੱਸਿਆ ਕਿ ਵਪਾਰਕ ਪਾਬੰਦੀ ਕਾਰਨ ਪਾਕਿਸਤਾਨੀ ਕਾਰੋਬਾਰੀਆਂ ਨੂੰ ਜ਼ਰੂਰੀ ਕੱਚਾ ਮਾਲ ਅਤੇ ਹੋਰ ਵਸਤਾਂ ਦੂਰ-ਦੁਰਾਡੇ ਦੇ ਮੁਲਕਾਂ ਤੋਂ ਮੰਗਵਾਉਣੀਆਂ ਪੈ ਰਹੀਆਂ ਹਨ, ਜਿਸ ਕਾਰਨ ਢੋਆ-ਢੁਆਈ ਦਾ ਖ਼ਰਚਾ ਅਤੇ ਸਮਾਂ ਕਾਫ਼ੀ ਵਧ ਗਿਆ ਹੈ। ਉਨ੍ਹਾਂ ਮੁੱਖ ਨੁਕਤਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨੀ ਦਵਾਈ (ਫਾਰਮਾਸਿਊਟੀਕਲ) ਉਦਯੋਗ ਭਾਰਤ ਤੋਂ ਮਿਲਣ ਵਾਲੇ ਕੱਚੇ ਮਾਲ ’ਤੇ ਨਿਰਭਰ ਕਰਦਾ ਸੀ। ਜੇਕਰ ਇਹ ਦਰਾਮਦ ਭਾਰਤ ਤੋਂ ਦੁਬਾਰਾ ਸ਼ੁਰੂ ਹੁੰਦੀ ਹੈ ਤਾਂ ਪਾਕਿ ਨੂੰ ਸਾਲਾਨਾ 2 ਤੋਂ 3 ਅਰਬ ਡਾਲਰ ਦੀ ਬੱਚਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਘਰੇਲੂ ਕਪਾਹ ਉਤਪਾਦਨ ’ਚ ਗਿਰਾਵਟ ਕਾਰਨ ਟੈਕਸਟਾਈਲ ਮਿੱਲਾਂ ਨੂੰ ਬ੍ਰਾਜ਼ੀਲ, ਮਿਸਰ, ਚੀਨ ਅਤੇ ਅਮਰੀਕਾ ਤੋਂ ਕਪਾਹ ਮੰਗਵਾਉਣੀ ਪੈ ਰਹੀ ਹੈ, ਜਿਸ ਨਾਲ ਲਗਪਗ 5 ਅਰਬ ਡਾਲਰ ਦਾ ਵਾਧੂ ਬੋਝ ਪਿਆ। ਕਿਸਾਨ ਕਪਾਹ ਛੱਡ ਕੇ ਗੰਨੇ ਦੀ ਖੇਤੀ ਵੱਲ ਮੁੜ ਰਹੇ ਹਨ, ਜਿਸ ਕਾਰਨ ਕਪਾਹ ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਬਿਹਤਰ ਖੇਤੀ ਨੀਤੀਆਂ ਦੀ ਲੋੜ ਹੈ। ਕਸੂਰੀ ਨੇ ਕਿਹਾ ਕਿ ਭਾਰਤ ’ਚ ਵੱਡੇ ਪੱਧਰ ’ਤੇ ਉਤਪਾਦਨ ਹੋਣ ਦੇ ਬਾਵਜੂਦ ਪਾਕਿ ਖੰਡ, ਖਾਦਾਂ, ਸੀਮਿੰਟ, ਪੈਟਰੋਲੀਅਮ ਉਤਪਾਦ, ਲੋਹਾ, ਸਟੀਲ, ਸਬਜ਼ੀਆਂ ਅਤੇ ਭਾਰੀ ਮਸ਼ੀਨਰੀ ਦੂਰ-ਦੁਰਾਡੇ ਦੇ ਬਾਜ਼ਾਰਾਂ ਤੋਂ ਖ਼ਰੀਦ ਰਿਹਾ ਹੈ। ਭਾਰਤੀ ਰਿਫਾਇਨਰੀਆਂ ਨੇੜੇ ਹੋਣ ਕਾਰਨ ਪੈਟਰੋਲੀਅਮ ਉਤਪਾਦ ਸਸਤੇ ਅਤੇ ਤੇਜ਼ੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੁਵੱਲੇ ਸੰਬੰਧ ਸੁਧਰਨ ਨਾਲ ਧਾਰਮਿਕ, ਇਤਿਹਾਸਕ ਸਥਾਨਾਂ ਅਤੇ ਜੱਦੀ ਪਿੰਡਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਧੇਗੀ, ਜਿਸ ਨਾਲ ਪਾਕਿ ਦੇ ਸੈਰ-ਸਪਾਟਾ ਖੇਤਰ ਨੂੰ ਵੱਡਾ ਲਾਭ ਹੋਵੇਗਾ। ਕਸੂਰੀ ਨੇ ਸ੍ਰੀਲੰਕਾ ਦੇ ਆਰਥਿਕ ਸੰਕਟ ਦੌਰਾਨ ਭਾਰਤ ਵਲੋਂ ਦਿੱਤੀ ਗਈ ਵਿੱਤੀ ਮਦਦ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਗੁਆਂਢੀ ਮੁਲਕ ਮੁਸ਼ਕਿਲ ਸਮੇਂ ’ਚ ਇਕ-ਦੂਜੇ ਦਾ ਸਹਾਰਾ ਬਣ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਨੀਤਕ ਮਤਭੇਦਾਂ ਨੂੰ ਆਰਥਿਕ ਮੌਕਿਆਂ ਦੇ ਰਾਹ ’ਚ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ ਅਤੇ ਬਕਾਇਆ ਮਸਲਿਆਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ।